Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਇਹੁ ਜਗੁ ਸਚੈ ਕੀ ਹੈ ਕੋਠੜੀ    ਸਚੇ ਕਾ ਵਿਚਿ ਵਾਸੁ ॥
ਇਕਨਾ੍ ਹੁਕਮਿ ਸਮਾਇ ਲਏ    ਇਕਨਾ੍ ਹੁਕਮੇ ਕਰੇ ਵਿਣਾਸੁ ॥
ਇਕਨਾ੍ ਭਾਣੈ ਕਢਿ ਲਏ    ਇਕਨਾ੍ ਮਾਇਆ ਵਿਚਿ ਨਿਵਾਸੁ ॥
ਏਵ ਭਿ ਆਖਿ ਨ ਜਾਪਈ    ਜਿ ਕਿਸੈ ਆਣੇ ਰਾਸਿ ॥
ਨਾਨਕ   ਗੁਰਮੁਖਿ ਜਾਣੀਐ    ਜਾ ਕਉ ਆਪਿ ਕਰੇ ਪਰਗਾਸੁ ॥੩॥

ਮਹਲਾ ੨ ॥

ਇਹੁ ਜਗੁ ਸਚੈ ਕੀ ਹੈ ਕੋਠੜੀ    ਸਚੇ ਕਾ ਵਿਚਿ ਵਾਸੁ ॥

ਇਕਨਾ੍ ਹੁਕਮਿ ਸਮਾਇ ਲਏ    ਇਕਨਾ੍ ਹੁਕਮੇ ਕਰੇ ਵਿਣਾਸੁ ॥

ਇਕਨਾ੍ ਭਾਣੈ ਕਢਿ ਲਏ    ਇਕਨਾ੍ ਮਾਇਆ ਵਿਚਿ ਨਿਵਾਸੁ ॥

ਏਵ ਭਿ ਆਖਿ ਨ ਜਾਪਈ    ਜਿ ਕਿਸੈ ਆਣੇ ਰਾਸਿ ॥

ਨਾਨਕ   ਗੁਰਮੁਖਿ ਜਾਣੀਐ    ਜਾ ਕਉ ਆਪਿ ਕਰੇ ਪਰਗਾਸੁ ॥੩॥

ਇਹ ਜਗਤ ਸਦਾ-ਥਿਰ ਪ੍ਰਭੂ ਦੀ ‘ਸੱਚ’ ਕਮਾਉਣ ਲਈ ਸਿਰਜੀ ਕੋਠੜੀ ਹੈ। ਇਸ ਜਗਤ-ਕੋਠੜੀ ਵਿਚ ਸਦਾ-ਥਿਰ ਪ੍ਰਭੂ ਦਾ ਵਾਸਾ ਹੈ।
ਪ੍ਰਭੂ ਕਈਆਂ ਮਨੁਖਾਂ ਨੂੰ ਆਪਣੇ ਹੁਕਮ ਅਧੀਨ ਸੱਚ ਦੀ ਕਮਾਈ ਕਰਵਾ ਕੇ ਆਪਣੇ ਸੱਚ-ਸਰੂਪ ਵਿਚ ਲੀਨ ਕਰ ਲੈਂਦਾ ਹੈ; ਕਈਆਂ ਸੱਚ ਤੋਂ ਵਿਰਵੇ ਮਨੁਖਾਂ ਦਾ ਆਪਣੇ ਹੁਕਮ ਅਧੀਨ ਨਾਸ ਕਰ ਦਿੰਦਾ ਹੈ।
ਪ੍ਰਭੂ ਕਈਆਂ ਮਨੁਖਾਂ ਨੂੰ ਆਪਣੇ ਭਾਣੇ ਅਧੀਨ ਮਾਇਆ-ਮੋਹ ਦੇ ਜਾਲ ਵਿਚੋਂ ਬਾਹਰ ਕੱਢ ਲੈਂਦਾ (ਬਚਾਅ ਲੈਂਦਾ) ਹੈ; ਕਈਆਂ ਨੂੰ ਮਾਇਆ-ਮੋਹ ਵਿਚ ਉਲਝਾਈ ਰਖਦਾ ਹੈ।
ਇਸ ਤਰ੍ਹਾਂ, ਆਪਣੀ ਨਿੱਜੀ ਅਲਪ ਸੂਝ ਦੇ ਆਧਾਰ ‘ਤੇ ਆਖ ਕੇ ਵੀ ਇਹ ਨਹੀਂ ਜਾਣਿਆ ਜਾ ਸਕਦਾ ਕਿ ਪ੍ਰਭੂ ਕਿਸ ਮਨੁਖ ਨੂੰ ਸਹੀ ਰਾਹ ਉਤੇ ਪਾਉਂਦਾ ਹੈ।
ਨਾਨਕ! ਇਹ ਰਹੱਸ ਗੁਰੂ ਦੁਆਰਾ ਹੀ ਜਾਣਿਆ ਜਾ ਸਕਦਾ ਹੈ, ਪਰ ਕੇਵਲ ਉਸ ਮਨੁਖ ਵਲੋਂ ਜਿਸ ਨੂੰ ਪ੍ਰਭੂ ਆਪ ਗਿਆਨ ਦਾ ਚਾਨਣ ਕਰ ਦੇਵੇ।

ਇਹ ਜਗਤ ਸੱਚੇ ਦੀ ਕੋਠੜੀ ਹੈ; ਸੱਚੇ ਦਾ (ਇਸ) ਵਿਚ ਵਾਸ ਹੈ
ਕਈਆਂ ਨੂੰ ਹੁਕਮ ਅਧੀਨ ਸਮਾ ਲੈਂਦਾ ਹੈ; ਕਈਆਂ ਨੂੰ ਹੁਕਮ ਅਧੀਨ ਨਾਸ ਕਰ ਦਿੰਦਾ ਹੈ
ਕਈਆਂ ਨੂੰ ਭਾਣੇ ਅਧੀਨ (ਬਾਹਰ) ਕੱਢ ਲੈਂਦਾ ਹੈ; ਕਈਆਂ ਦਾ ਮਾਇਆ ਵਿਚ ਵਾਸ (ਕਰੀ ਰਖਦਾ ਹੈ)
ਇਸ ਤਰ੍ਹਾਂ ਆਖ ਕੇ ਵੀ ਨਹੀਂ ਜਾਪਦਾ, ਕਿ (ਉਹ) ਕਿਸ ਨੂੰ ਸਹੀ (ਰਾਹ) ’ਤੇ ਲਿਆਉਂਦਾ ਹੈ
ਨਾਨਕ! (ਇਹ) ਗੁਰੂ ਦੁਆਰਾ (ਹੀ) ਜਾਣਿਆ ਜਾ ਸਕਦਾ ਹੈ, (ਉਹ ਵੀ ਉਸ ਵਲੋਂ) ਜਿਸ ਨੂੰ (ਪ੍ਰਭੂ) ਆਪ ਪ੍ਰਕਾਸ਼ ਕਰ ਦੇਵੇ

ਇਸ ਸਲੋਕ ਦੀ ਪਹਿਲੀ ਤੁਕ ਵਿਚ ਰੂਪਕ ਅਲੰਕਾਰ ਦੀ ਵਰਤੋਂ ਕਰਕੇ ‘ਜਗੁ’ ਨੂੰ ਉਪਮੇਯ ਅਤੇ ‘ਕੋਠੜੀ’ ਨੂੰ ਉਪਮਾਨ ਵਜੋਂ ਅਭਿਵਿਅਕਤ ਕਰਦਿਆਂ ਇਹ ਵੀਚਾਰ ਦ੍ਰਿੜ ਕਰਾਇਆ ਹੈ ਕਿ ਇਹ ਜਗਤ ਪ੍ਰਭੂ ਦਾ ਨਿਵਾਸ-ਅਸਥਾਨ ਹੈ। ਪ੍ਰਭੂ ਆਪ ਕੁਦਰਤ ਦੇ ਕਣ-ਕਣ ਵਿਚ ਸਮਾਇਆ ਹੋਇਆ ਹੈ।

ਦੂਜੀ ਅਤੇ ਤੀਜੀ ਤੁਕ ਵਿਚ ‘ਸਮਾਇ ਲਏ’ ਤੇ ‘ਵਿਣਾਸੁ’ ਅਤੇ ‘ਕਢਿ ਲਏ’ ਤੇ ‘ਨਿਵਾਸੁ’ ਵਿਚ, ਵਿਰੋਧ ਮੂਲਕ ਅਰਥ ਪੱਧਰੀ ਸਮਾਨੰਤਰਤਾ ਰਾਹੀਂ ਇਹ ਸੰਕੇਤ ਕੀਤਾ ਗਿਆ ਹੈ ਕਿ ਪ੍ਰਭੂ ਆਪਣੀ ਰਜ਼ਾਅ ਅਨੁਸਾਰ ਆਪ ਹੀ ਜੀਵ ਨੂੰ ਆਪਣੇ ਵਿਚ ਸਮੋ ਲੈਣ ਵਾਲਾ, ਵਿਨਾਸ਼ ਕਰਨ ਵਾਲਾ, ਮਾਇਆ ਵਿਚੋਂ ਬਾਹਰ ਕੱਢ ਲੈਣ ਵਾਲਾ ਅਤੇ ਮਾਇਆ ਵਿਚ ਉਲਝਾਈ ਰਖਣ ਵਾਲਾ ਹੈ।

ਇਨ੍ਹਾਂ ਤੁਕਾਂ ਵਿਚ ‘ਇਕਨਾ’ (ਕਈਆਂ ਨੂੰ) ਸ਼ਬਦ ਚਾਰ ਵਾਰੀ ਆਇਆ ਹੈ, ਜੋ ਸ਼ਬਦ ਪੱਧਰੀ ਸਮਾਨੰਤਰਤਾ ਹੈ। ਦੂਜੇ ਪਾਤਸ਼ਾਹ ਦਾ ਫੁਰਮਾਨ ਹੈ ਕਿ ਸਰਬ ਸ਼ਕਤੀਮਾਨ ਪ੍ਰਭੂ ਆਪਣੇ ਹੁਕਮ ਨਾਲ ਕਈ ਜੀਵਾਂ ਨੂੰ ਮੁਕਤੀ ਪ੍ਰਦਾਨ ਕਰਦਾ ਹੈ ਅਤੇ ਕਈਆਂ ਨੂੰ ਸੰਸਾਰਕ ਗੇੜ ਵਿਚ ਪਾਈ ਰੱਖਦਾ ਹੈ। ਇਥੇ ‘ਹੁਕਮਿ’, ‘ਹੁਕਮੇ’ ਅਤੇ ‘ਭਾਣੈ’ ਸ਼ਬਦ ਇਕੋ ਹੀ ਅਰਥ ‘ਹੁਕਮ ਅਧੀਨ’ ਲਈ ਵਰਤੇ ਗਏ ਹਨ। ਇਸ ਕਰਕੇ ਇਥੇ ਸਮਤਾ ਮੂਲਕ ਅਰਥ ਪੱਧਰੀ ਸਮਾਨੰਤਰਤਾ ਹੈ। ਇਸ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਦੀ ਰਜ਼ਾਅ ਅਤੇ ਹੁਕਮ ਹੀ ਸਭ ਤੋਂ ਉੱਪਰ ਅਤੇ ਵਿਆਪਕ ਹਨ।

ਆਖ਼ਰੀ ਦੋ ਤੁਕਾਂ ਵਿਚ ‘ਕਿਸੈ ਆਣੇ ਰਾਸਿ’ ਅਤੇ ‘ਆਪਿ ਕਰੇ ਪਰਗਾਸੁ’ ਤੁਕਾਂ ਦੀ ਵਰਤੋਂ ਸੰਕੇਤਾਤਮਕ ਕਥਨਾਂ ਦੇ ਤੌਰ ‘ਤੇ ਹੋਈ ਹੈ। ਇਨ੍ਹਾਂ ਕਥਨਾਂ ਰਾਹੀਂ ਇਹ ਸੰਕੇਤ ਕੀਤਾ ਗਿਆ ਹੈ ਕਿ ਕਿਸ ਜੀਵ ‘ਤੇ ਕਦੋਂ ਅਤੇ ਕਿਉਂ ‘ਨਦਰਿ’ ਕਰਨੀ ਹੈ, ਇਹ ਉਹ ਪ੍ਰਭੂ ਆਪ ਹੀ ਜਾਣਦਾ ਹੈ। ਇਥੇ ‘ਗੁਰੂ’ ਅਤੇ ‘ਮੁਖ’ ਸ਼ਬਦਾਂ ਦੇ ਜੋੜ ਨਾਲ ਬਣੇ ‘ਗੁਰਮੁਖਿ’ ਸ਼ਬਦ ਦੀ ਵਰਤੋਂ ਵੀ ਬੜੀ ਸਿਰਜਨਾਤਮਕ ਹੈ। ਗੁਰੂ ਦੀ ਸਿੱਖਿਆ ਗੁਰੂ ਦੇ ਮੁਖ ਤੋਂ ਹੀ ਪ੍ਰਾਪਤ ਹੁੰਦੀ ਹੈ, ਇਸ ਲਈ ਇਹ ਸ਼ਬਦ ਡੂੰਘੇ ਅਰਥ ਰੱਖਦਾ ਹੈ। ਇਥੇ ਗੁਰੂ ਦੇ ਮਹੱਤਵ ਨੂੰ ਦ੍ਰਿੜ ਕਰਦੇ ਹੋਏ ਇਹ ਕਥਨ ਕੀਤਾ ਗਿਆ ਹੈ ਕਿ ਪ੍ਰਭੂ ਦੇ ਹੁਕਮ ਅਤੇ ਰਜ਼ਾਅ ਬਾਰੇ ਸੋਝੀ ਗੁਰੂ ਤੋਂ ਹੀ ਪ੍ਰਾਪਤ ਹੋ ਸਕਦੀ ਹੈ।

ਇਸ ਸਲੋਕ ਵਿਚ ਪਹਿਲੀਆਂ ਸੱਤ ਤੁਕਾਂ ਵਿਚ ੧੭+੧੭ ਮਾਤਰਾਵਾਂ ਦੀ ਵਰਤੋਂ ਹੈ। ਅੰਤਲੀਆਂ ਦੋ ਤੁਕਾਂ ਵਿਚ ੧੫+੧੫ ਮਾਤਰਾਵਾਂ ਆਈਆਂ ਹਨ।