Connect

2005 Stokes Isle Apt. 896, Vacaville 10010, USA

[email protected]

ਮਃ ੧॥
ਸਭੋ ਸੂਤਕੁ ਭਰਮੁ ਹੈ    ਦੂਜੈ ਲਗੈ ਜਾਇ ॥
ਜੰਮਣੁ ਮਰਣਾ ਹੁਕਮੁ ਹੈ    ਭਾਣੈ ਆਵੈ ਜਾਇ ॥
ਖਾਣਾ ਪੀਣਾ ਪਵਿਤ੍ਰੁ ਹੈ    ਦਿਤੋਨੁ ਰਿਜਕੁ ਸੰਬਾਹਿ ॥
ਨਾਨਕ ਜਿਨਾ੍ ਗੁਰਮੁਖਿ ਬੁਝਿਆ    ਤਿਨਾ੍ ਸੂਤਕੁ ਨਾਹਿ ॥੩॥

ਮਃ ੧॥

ਸਭੋ ਸੂਤਕੁ ਭਰਮੁ ਹੈ    ਦੂਜੈ ਲਗੈ ਜਾਇ ॥

ਜੰਮਣੁ ਮਰਣਾ ਹੁਕਮੁ ਹੈ    ਭਾਣੈ ਆਵੈ ਜਾਇ ॥

ਖਾਣਾ ਪੀਣਾ ਪਵਿਤ੍ਰੁ ਹੈ    ਦਿਤੋਨੁ ਰਿਜਕੁ ਸੰਬਾਹਿ ॥

ਨਾਨਕ ਜਿਨਾ੍ ਗੁਰਮੁਖਿ ਬੁਝਿਆ    ਤਿਨਾ੍ ਸੂਤਕੁ ਨਾਹਿ ॥੩॥

ਇਹ ਸਭ ਸੂਤਕ-ਪਾਤਕ ਨਿਰਾ ਭੁਲੇਖਾ ਹੀ ਹੈ। ਇਸ ਭਰਮ ਵਿਚ ਪੈ ਕੇ ਮਨੁਖ ਇਕ ਕਰਤਾਪੁਰਖ ਨੂੰ ਛੱਡਕੇ ਦੁਬਿਧਾ ਵਿਚ ਪਿਆ ਰਹਿੰਦਾ ਹੈ।
ਜੰਮਣਾ ਤੇ ਮਰਨਾ ਕਰਤਾਪੁਰਖ ਦਾ ਹੁਕਮ ਹੀ ਹੈ, ਕਿਉਂਕਿ ਉਸ ਦੀ ਰਜ਼ਾਅ ਅਧੀਨ ਹੀ ਜੀਵ ਸੰਸਾਰ ਵਿਚ ਜਨਮ ਲੈਂਦਾ ਤੇ ਮਰਦਾ ਹੈ।
ਇਸ ਲਈ ਕਿਸੇ ਜੀਵ ਦੇ ਜਨਮ ਜਾਂ ਮਰਨ ਆਦਿ ਵੇਲੇ ਭੋਜਨ ਛਕਣਾ-ਛਕਾਉਣਾ ਰੱਬੀ-ਵਿਉਂਤ ਅਨੁਸਾਰ ਹੋਣ ਕਰਕੇ ਪਵਿੱਤਰ ਹੈ; ਭਾਵ, ਸੂਤਕ-ਪਾਤਕ ਵਾਲੇ ਘਰ ਦਾ ਭੋਜਨ ਨਾ ਖਾਣ ਦਾ ਭਰਮ ਪੂਰੀ ਤਰ੍ਹਾਂ ਨਿਰਮੂਲ ਹੈ, ਕਿਉਂਕਿ ਇਹ ਰਿਜਕ ਉਸ ਦਾਤਾਰ-ਪ੍ਰਭੂ ਨੇ ਆਪ ਹੀ ਜੀਵਾਂ ਦੇ ਨਿਰਵਾਹ ਲਈ ਦਿਤਾ ਹੋਇਆ ਹੈ।
ਨਾਨਕ! ਜਿਨ੍ਹਾਂ ਮਨੁਖਾਂ ਨੇ ਗੁਰੂ-ਗਿਆਨ ਦੀ ਬਰਕਤ ਨਾਲ ਇਸ ਰਹੱਸ ਨੂੰ ਜਾਣ ਲਿਆ ਹੈ, ਉਨ੍ਹਾਂ ਨੂੰ ਸੂਤਕ ਆਦਿ ਦਾ ਭਰਮ ਨਹੀਂ ਵਿਆਪਦਾ।

(ਇਹ) ਸਾਰਾ ਸੂਤਕ (ਕੇਵਲ ) ਭਰਮ (ਹੀ) ਹੈ; (ਇਸ ਭਰਮ ਵਿਚ ਪੈ ਕੇ ਮਨੁਖ ਇਕ ਕਰਤਾਪੁਰਖ ਨੂੰ ਛੱਡ ਕੇ ਕਿਸੇ) ਹੋਰ ਨਾਲ ਜਾ ਲਗਦਾ ਹੈ
ਜੰਮਣਾ ਤੇ ਮਰਨਾ (ਕਰਤਾਪੁਰਖ ਦਾ) ਹੁਕਮ ਹੈ; (ਉਸ ਦੇ) ਭਾਣੇ ਵਿਚ (ਹੀ ਜੀਵ ਸੰਸਾਰਤੇ) ਆਉਂਦਾ ਤੇ ਜਾਂਦਾ ਹੈ
(ਇਸ ਲਈ ਕਿਸੇ ਜੀਵ ਦੇ ਜਨਮ ਜਾਂ ਮਰਨ ਆਦਿ ਵੇਲੇ ਵੀ) ਖਾਣਾ ਪੀਣਾ ਪਵਿੱਤਰ (ਹੀ ਹੁੰਦਾ) ਹੈ, (ਕਿਉਂਕਿ ਇਹ) ਰਿਜਕ ਉਸ (ਦਾਤਾਰ-ਪ੍ਰਭੂ) ਨੇ (ਆਪ ਹੀ) ਦਿਤਾ ਹੋਇਆ ਹੈ
ਨਾਨਕ! ਜਿਨ੍ਹਾਂ ਨੇ ਗੁਰੂ ਦੁਆਰਾ (ਇਹ ਰਹੱਸ) ਬੁੱਝ ਲਿਆ ਹੈ, ਉਨ੍ਹਾਂ ਨੂੰ ਸੂਤਕ (ਆਦਿ ਦਾ ਭਰਮ) ਨਹੀਂ ਹੈ

ਇਹ ਸਲੋਕ ਨਿਰਣੈ ਦਾ ਸਲੋਕ ਹੈ। ਪਹਿਲੇ ਦੋਵੇਂ ਸਲੋਕਾਂ ਵਿਚ ਵਿਚਾਰੇ ਗਏ ‘ਸੂਤਕ’ ਦੇ ਸੰਕਲਪ ਨੂੰ ਇਸ ਸਲੋਕ ਵਿਚ ਪੂਰੀ ਤਰ੍ਹਾਂ ਨਕਾਰ ਕੇ ਜਨਮ ਤੇ ਮੌਤ ਨੂੰ ਕਰਤਾ ਪੁਰਖ ਦੀ ਰਜ਼ਾ ਨਾਲ ਜੋੜਿਆ ਹੈ। ਗੁਰੂ ਸਾਹਿਬ ਨੇ ਸਮੁਚੀ ਗੁਰਬਾਣੀ ਵਾਂਗ ਇਸ ਸਲੋਕ ਵਿਚ ਵੀ ‘ਗੁਰੂ’ ਨੂੰ ਭਰਮ ਨਵਿਰਤਕ ਦੇ ਰੂਪ ਵਿਚ ਅਭਿਵਿਅਕਤ ਕੀਤਾ ਹੈ, ਕਿਉਂਕਿ ਗੁਰੂ ਹੀ ਦੁਨਿਆਵੀ ਜੀਵਾਂ ਨੂੰ ਇਸ ਰੱਬੀ ਰਜ਼ਾ ਦੀ ਸੋਝੀ ਕਰਵਾਉਂਦਾ ਹੈ। ਜਿਨ੍ਹਾਂ ਗੁਰਮੁਖਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਉਨ੍ਹਾਂ ਨੂੰ ਕੋਈ ਸੂਤਕ ਨਹੀਂ ਲੱਗਦਾ।

ਇਸ ਸਲੋਕ ਵਿਚ ਚਾਰ ਤੁਕਾਂ ਹਨ। ਪਹਿਲੀਆਂ ਤਿੰਨ ਤੁਕਾਂ ਦਾ ਮਾਤਰਾ ਵਿਧਾਨ ੧੩+੧੧ ਦਾ ਹੈ। ਚਉਥੀ ਤੁਕ ੪+੧੨+੧੦ ਮਾਤਰਾ ਵਿਧਾਨ ਵਾਲੀ ਹੈ। ਇਥੇ ‘ਨਾਨਕ’ (੪ ਮਾਤਰਾਵਾਂ) ਦੀ ਵਧੀਕ ਵਰਤੋਂ ਹੈ, ਜਦਕਿ ਬਾਕੀ ੧੨+੧੦ ਦੇ ਉਚਾਰਣ ਅਨੁਸਾਰ ੧੩+੧੧ ਹੀ ਬਣਦਾ ਹੈ। ਸੋ ਇਸ ਸਲੋਕ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਹ ਸਲੋਕ ਦੋ ਦੋਹਰੇ ਜੋੜ ਕੇ ਬਣਿਆ ਹੈ।