Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਮਨ ਕਾ ਸੂਤਕੁ ਲੋਭੁ ਹੈ    ਜਿਹਵਾ ਸੂਤਕੁ ਕੂੜੁ ॥
ਅਖੀ ਸੂਤਕੁ ਵੇਖਣਾ    ਪਰ ਤ੍ਰਿਅ ਪਰ ਧਨ ਰੂਪੁ ॥
ਕੰਨੀ ਸੂਤਕੁ ਕੰਨਿ ਪੈ    ਲਾਇਤਬਾਰੀ ਖਾਹਿ ॥
ਨਾਨਕ ਹੰਸਾ ਆਦਮੀ    ਬਧੇ ਜਮ ਪੁਰਿ ਜਾਹਿ ॥੨॥

ਮਃ ੧ ॥

ਮਨ ਕਾ ਸੂਤਕੁ ਲੋਭੁ ਹੈ    ਜਿਹਵਾ ਸੂਤਕੁ ਕੂੜੁ ॥

ਅਖੀ ਸੂਤਕੁ ਵੇਖਣਾ    ਪਰ ਤ੍ਰਿਅ ਪਰ ਧਨ ਰੂਪੁ ॥

ਕੰਨੀ ਸੂਤਕੁ ਕੰਨਿ ਪੈ    ਲਾਇਤਬਾਰੀ ਖਾਹਿ ॥

ਨਾਨਕ ਹੰਸਾ ਆਦਮੀ    ਬਧੇ ਜਮ ਪੁਰਿ ਜਾਹਿ ॥੨॥

ਸਹੀ ਅਰਥਾਂ ਵਿਚ ਲਾਲਚ ਕਰਨਾ ਹੀ ਮਨ ਦਾ ਸੂਤਕ ਤੇ ਝੂਠ ਬੋਲਣਾ ਹੀ ਜੀਭ ਦਾ ਸੂਤਕ ਹੈ। ਇਸੇ ਪ੍ਰਕਾਰ ਪਰਾਈ ਇਸਤਰੀ ਦੇ ਰੂਪ ਤੇ ਪਰਾਏ ਧਨ ਨੂੰ ਬੁਰੀ ਨਜ਼ਰ ਨਾਲ ਵੇਖਣਾ ਅੱਖਾਂ ਦਾ ਸੂਤਕ ਹੈ।
ਕੰਨਾਂ ਦਾ ਸੂਤਕ ਕੰਨਾਂ ਵਿਚ ਉਦੋਂ ਪੈਂਦਾ ਹੈ ਜਦੋਂ ਮਨੁਖ ਕਿਸੇ ਦੀ ਚੁਗਲੀ ਸੁਣਦੇ ਹਨ। ਨਾਨਕ! ਇਹੀ ਅਸਲ ਅਰਥਾਂ ਵਿਚ ਸੂਤਕ ਹਨ, ਜਿਨ੍ਹਾਂ ਕਰਕੇ ਹੰਸਾਂ ਵਰਗੇ ਸੋਹਣੇ ਨਜ਼ਰ ਆਉਣ ਵਾਲੇ ਮਨੁਖ ਵਿਕਾਰਾਂ ਵਿਚ ਬੱਧੇ ਹੋਏ ਦੁਖ ਸਹਿੰਦੇ ਹਨ।

(ਅਸਲ ਵਿਚ) ਮਨ ਦਾ ਸੂਤਕ ਲਾਲਚ (ਤੇ) ਜੀਭ ਦਾ ਸੂਤਕ ਝੂਠ ਹੈ (ਇਸੇ ਤਰ੍ਹਾਂ) ਅੱਖਾਂ ਦਾ ਸੂਤਕ ਪਰਾਈ ਇਸਤਰੀ ਦੇ ਰੂਪ ਤੇ ਪਰਾਏ ਧਨ ਨੂੰ ਵੇਖਣਾ ਹੈ
ਕੰਨਾਂ ਦਾ ਸੂਤਕ ਕੰਨ ਵਿਚ (ਉਦੋਂ ) ਪੈਂਦਾ ਹੈ, (ਜਦੋਂ ਕੰਨ) ਚੁਗਲੀ ਖਾਂਦੇ ਹਨ ਨਾਨਕ! (ਅਸਲ ਸੂਤਕ ਇਹੀ ਹਨ, ਜਿਨ੍ਹਾਂ ਕਰਕੇ) ਹੰਸਲੇ ਮਨੁਖ, ਬੱਧੇ ਹੋਏ ਜਮ ਦੀ ਪੁਰੀ ਵਿਚ ਜਾਂਦੇ ਹਨ

ਇਸ ਸਲੋਕ ਵਿਚ ਗੁਰੂ ਸਾਹਿਬ ਨੇ ‘ਸੂਤਕ’ ਦੇ ਸੰਕਲਪ ਨੂੰ ਅਰਥ-ਪਰਿਵਰਤਨ ਦੀ ਪਰਕਿਰਿਆ ਵਿਚੋਂ ਗੁਜਾਰ ਕੇ ਇਸ ਦੇ ਅਰਥਾਂ ਨੂੰ ਵਿਸਥਾਰ ਦੇ ਦਿਤਾ ਹੈ। ਇਸ ਪ੍ਰਕਾਰ ਅਰਥ-ਪਰਿਵਰਤਨ ਇਸ ਸਲੋਕ ਦੀ ਕਾਵਿ-ਸੁੰਦਰਤਾ ਦਾ ਮੂਲ ਸੋਮਾ ਬਣਦਾ ਹੈ। ਸਲੋਕ ਦੀਆਂ ਪਹਿਲੀਆਂ ਤਿੰਨ ਤੁਕਾਂ ਵਿਚ ਲੋਭ ਨੂੰ ਮਨ ਦਾ, ਝੂਠ ਨੂੰ ਜੀਭ ਦਾ, ਪਰਾਏ ਧਨ ਤੇ ਰੂਪ ਨੂੰ ਮੰਦੀ ਨਜ਼ਰ ਨਾਲ ਵੇਖਣ ਨੂੰ ਅੱਖਾਂ ਦਾ ਅਤੇ ਚੁਗਲੀ-ਨਿੰਦਿਆ ਸੁਨਣ ਨੂੰ ਕੰਨਾਂ ਦਾ ਸੂਤਕ ਦਸਿਆ ਹੈ। ਸੂਤਕ ਦੀ ਇਹ ਨਵੀਨ ਪਰਿਭਾਸ਼ਾ ਇਨ੍ਹਾਂ ਸਾਰੇ ਮੰਦ-ਅਮਲਾਂ ਨੂੰ ਅਜਨਬੀਕ੍ਰਿਤ ਕਰਕੇ ਪਾਠਕ/ਸਰੋਤੇ ਦਾ ਧਿਆਨ ਇਨ੍ਹਾਂ ਬੁਰਾਈਆਂ ‘ਤੇ ਕੇਂਦਰਿਤ ਵੀ ਕਰਦੀ ਹੈ ਅਤੇ ਦਿਖਾਵੇ ਦੇ ਸੂਤਕ ਦੀ ਨਿਰਾਰਥਕਤਾ ਨੂੰ ਵੀ ਪ੍ਰਚੰਡ ਕਰ ਜਾਂਦੀ ਹੈ।

ਚਉਥੀ ਤੁਕ ਵਿਚ ਰੂਪਕ ਅਲੰਕਾਰ ਦੀ ਵਰਤੋਂ ਕਰਦਿਆਂ ਜੀਵ ਨੂੰ ਹੰਸ ਰੂਪ ਵਿਚ ਪੇਸ਼ ਕੀਤਾ ਹੈ, ਪਰ ਇਸ ਰੂਪਕਤਾ ਵਿਚ ਵੀ ਵਿਅੰਗਾਤਮਕਤਾ ਦੀ ਜੁਗਤ ਸਮਾਈ ਹੋਈ ਹੈ। ‘ਹੰਸ’ ਪਵਿੱਤਰਤਾ ਦਾ ਪ੍ਰਤੀਕ ਹੈ, ਪਰ ਜੇਕਰ ਪਵਿੱਤਰਤਾ ਦਾ ਰੂਪਕ ‘ਆਦਮੀ’ ਨਰਕ ਵਿਚ ਜਾਂਦਾ ਹੈ ਤਾਂ ‘ਹੰਸ’ ਦੀ ਪਵਿੱਤਰਤਾ ਵੀ ‘ਕਾਂਟੇ ਹੇਠ’ ਚਲੀ ਜਾਂਦੀ ਹੈ। ਇਹੀ ਇਸ ਤੁਕ ਦਾ ‘ਤਨਾਓ’ ਹੈ, ਜਿਹੜਾ ਇਸ ਨੂੰ ਕਾਵਿਕਤਾ ਦੇ ਉਚ ਦਰਜੇ ਤੱਕ ਪਹੁੰਚਾਉਣ ਦਾ ਇਕ ਕਾਰਨ ਵੀ ਬਣਦਾ ਹੈ।

ਇਸ ਸਲੋਕ ਦੀ ਹਰ ਤੁਕ ਦਾ ਮਾਤਰਾ ਵਿਧਾਨ ੧੩+੧੧ ਹੈ। ਬੇਸ਼ਕ ਦੂਜੀ ਤੁਕ ਵਿਚ ੧੨+੧੧ ਅਤੇ ਚਉਥੀ ਤੁਕ ਵਿਚ ੧੩+੧੦ ਮਾਤਰਾਵਾਂ ਹਨ, ਪਰੰਤੂ ਉਚਾਰਣ ਦੇ ਅਧਾਰ ’ਤੇ ਇਹ ਵੀ ੧੩+੧੧ ਹੀ ਹੋ ਜਾਂਦੀਆਂ ਹਨ। ਸੋ ਇਸਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਸ ਸਲੋਕ ਦੀ ਰਚਨਾ ਦੋ ਦੋਹਰੇ ਜੋੜ ਕੇ ਹੋਈ ਹੈ।