Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧॥
ਜੇ ਕਰਿ ਸੂਤਕੁ ਮੰਨੀਐ    ਸਭ ਤੈ ਸੂਤਕੁ ਹੋਇ ॥
ਗੋਹੇ ਅਤੈ ਲਕੜੀ    ਅੰਦਰਿ ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ    ਜੀਆ ਬਾਝੁ ਨ ਕੋਇ ॥
ਪਹਿਲਾ ਪਾਣੀ ਜੀਉ ਹੈ    ਜਿਤੁ ਹਰਿਆ ਸਭੁ ਕੋਇ ॥
ਸੂਤਕੁ ਕਿਉ ਕਰਿ ਰਖੀਐ    ਸੂਤਕੁ ਪਵੈ ਰਸੋਇ ॥
ਨਾਨਕ ਸੂਤਕੁ ਏਵ ਨ ਉਤਰੈ    ਗਿਆਨੁ ਉਤਾਰੇ ਧੋਇ ॥੧॥

ਸਲੋਕੁ ਮਃ ੧॥

ਜੇ ਕਰਿ ਸੂਤਕੁ ਮੰਨੀਐ    ਸਭ ਤੈ ਸੂਤਕੁ ਹੋਇ ॥

ਗੋਹੇ ਅਤੈ ਲਕੜੀ    ਅੰਦਰਿ ਕੀੜਾ ਹੋਇ ॥

ਜੇਤੇ ਦਾਣੇ ਅੰਨ ਕੇ    ਜੀਆ ਬਾਝੁ ਨ ਕੋਇ ॥

ਪਹਿਲਾ ਪਾਣੀ ਜੀਉ ਹੈ    ਜਿਤੁ ਹਰਿਆ ਸਭੁ ਕੋਇ ॥

ਸੂਤਕੁ ਕਿਉ ਕਰਿ ਰਖੀਐ    ਸੂਤਕੁ ਪਵੈ ਰਸੋਇ ॥

ਨਾਨਕ ਸੂਤਕੁ ਏਵ ਨ ਉਤਰੈ    ਗਿਆਨੁ ਉਤਾਰੇ ਧੋਇ ॥੧॥

ਜੇਕਰ ਸੂਤਕ ਦਾ ਭਰਮ ਕਰਨ ਲਗ ਜਾਈਏ, ਤਾਂ ਫਿਰ ਸੂਤਕ ਹਰ ਥਾਂ ‘ਤੇ ਹੀ ਹੋਵੇਗਾ। ਕਿਉਂਕਿ ਗੋਹੇ ਅਤੇ ਲੱਕੜ ਵਿਚ ਵੀ ਕਿਰਮ ਹੁੰਦਾ ਹੈ, ਸੋ ਓਥੇ ਵੀ ਸੂਤਕ ਹੋਵੇਗਾ।
ਅਨਾਜ ਦੇ ਜਿੰਨੇ ਵੀ ਦਾਣੇ ਹਨ, ਜੀਵਤ ਸੈੱਲਾਂ ਅਥਵਾ ਜੀਵਨ ਤੱਤਾਂ ਤੋਂ ਬਿਨਾਂ ਕੋਈ ਨਹੀਂ ਹੈ; ਭਾਵ, ਅਨਾਜ ਦੇ ਹਰ ਇਕ ਦਾਣੇ ਵਿਚ ਜੀਵਨ-ਤੱਤ ਜਾਂ ਜੀਵਤ ਸੈੱਲ ਹੁੰਦੇ ਹਨ। ਸਭ ਤੋਂ ਪਹਿਲਾਂ ਪਾਣੀ ਹੀ ਜੀਵਨ ਦੇ ਅਨੇਕ ਤੱਤਾਂ ਵਾਲਾ ਹੋਣ ਕਾਰਣ ਜੀਵ-ਰੂਪ ਹੈ, ਜਿਸ ਸਦਕਾ ਸਭ ਕੋਈ ਸਰ-ਸਬਜ਼ (ਹਰਿਆ-ਭਰਿਆ) ਹੁੰਦਾ ਹੈ।
ਤਾਂ ਫਿਰ ਸੂਤਕ ਦਾ ਪਰਹੇਜ਼ ਕਿਸ ਤਰ੍ਹਾਂ ਰਖਿਆ ਜਾ ਸਕਦਾ ਹੈ? ਭਾਵ, ਸੂਤਕ ਤੋਂ ਬਚਿਆ ਹੀ ਨਹੀਂ ਜਾ ਸਕਦਾ, ਕਿਉਂਕਿ ਗੋਹੇ, ਲੱਕੜ, ਅੰਨ, ਪਾਣੀ ਆਦਿ ਹਰ ਵਸਤੂ ਵਿਚ ਹੀ ਸੂਖਮ ਜੀਵ ਜਾਂ ਕਿਰਮ ਆਦਿ ਮੌਜੂਦ ਹੁੰਦੇ ਹਨ, ਜਿਨ੍ਹਾਂ ਦੀ ਜਨਣ-ਪ੍ਰਕਿਰਿਆ ਨਿਰੰਤਰ ਚਲਦੀ ਰਹਿੰਦੀ ਹੈ। ਇਉਂ ਅੰਨ, ਜਲ ਆਦਿ ਰਾਹੀਂ ਸੂਤਕ ਤਾਂ ਰਸੋਈ ਵਿਚ ਵੀ ਆ ਪੈਂਦਾ ਹੈ। ਨਾਨਕ! ਇਸ ਤਰ੍ਹਾਂ ਸੂਤਕ ਪਰਹੇਜ਼ ਰਖਣ ਜਾਂ ਭਰਮ ਆਦਿ ਕਰਨ ਨਾਲ ਦੂਰ ਨਹੀਂ ਹੋ ਸਕਦਾ। ਕੇਵਲ ਗੁਰੂ-ਗਿਆਨ ਹੀ ਇਸ ਤੋਂ ਨਿਜਾਤ ਦਿਵਾ ਸਕਦਾ ਹੈ।

ਜੇਕਰ ਸੂਤਕ (ਦਾ ਭਰਮ) ਮੰਨ ਲਿਆ ਜਾਵੇ, (ਤਾਂ ਫਿਰ) ਸਭ ਥਾਂ (ਹੀ) ਸੂਤਕ ਹੋਵੇਗਾ (ਕਿਉਂਕਿ) ਗੋਹੇ ਅਤੇ ਲੱਕੜ ਵਿਚ (ਵੀ) ਕਿਰਮ ਹੁੰਦਾ ਹੈ, (ਇਸ ਲਈ ਓਥੇ ਵੀ ਸੂਤਕ ਹੋਵੇਗਾ)
ਅੰਨ ਦੇ ਜਿੰਨੇ (ਵੀ) ਦਾਣੇ ਹਨ, ਜੀਵਾਂ ਤੋਂ ਬਿਨਾਂ ਕੋਈ ਨਹੀਂ ਹੈ (ਸਭ ਤੋਂ) ਪਹਿਲਾਂ ਪਾਣੀ ਜੀਵ-ਰੂਪ ਹੈ, ਜਿਸ ਨਾਲ ਸਭ ਕੋਈ ਹਰਿਆ-ਭਰਿਆ ਹੁੰਦਾ ਹੈ
(ਤਾਂ ਫਿਰ) ਸੂਤਕ (ਦਾ ਪਰਹੇਜ਼) ਕਿਵੇਂ ਰਖਿਆ ਜਾਏ? ਸੂਤਕ (ਤਾਂ) ਰਸੋਈ ਵਿਚ (ਵੀ ) ਪੈਂਦਾ ਹੈ
ਨਾਨਕ! ਸੂਤਕ ਇਉਂ ਨਹੀਂ ਉਤਰ ਸਕਦਾ, (ਕੇਵਲ) ਗਿਆਨ (ਹੀ ਇਸ ਨੂੰ) ਧੋ ਕੇ ਉਤਾਰ ਸਕਦਾ ਹੈ

ਇਸ ਸਲੋਕ ਵਿਚ ਸਿੱਧੇ ਅਰਥਾਂ ਵਾਲੀ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਜੇਕਰ ਸੂਤਕ ਮੰਨਿਆ ਜਾਵੇ ਤਾਂ ਸਭ ਥਾਵਾਂ ‘ਤੇ ਹੀ ਸੂਤਕ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੁੰਦਾ ਹੈ। ਅੰਨ ਦੇ ਜਿੰਨੇ ਵੀ ਦਾਣੇ ਹਨ ਜੀਵਾਂ ਤੋਂ ਬਿਨਾਂ ਕੋਈ ਨਹੀਂ। ਸਭ ਤੋਂ ਪਹਿਲਾ ਜੀਵ ਤਾਂ ਪਾਣੀ ਹੈ ਜਿਸ ਕਰਕੇ ਸਭ ਹਰੇ-ਭਰੇ ਹਨ। ਇਸ ਪ੍ਰਕਾਰ ਸੂਤਕ ਕਿਵੇਂ ਰਖਿਆ ਜਾ ਸਕਦਾ ਹੈ? ਸੂਤਕ ਤਾਂ ਰਸੋਈ ਵਿਚ ਵੀ ਪਿਆ ਰਹਿੰਦਾ ਹੈ।

ਸਲੋਕ ਦੀ ਅੰਤਲੀ ਤੁਕ ਵਿਚ ਸਾਰ ਰੂਪ ਫੁਰਮਾਨ ਹੈ ਕਿ ਸੂਤਕ ਬਾਹਰੀ ਬੰਦਿਸ਼ਾਂ ਵਿਚ ਪੈਣ ਨਾਲ ਨਹੀਂ ਉਤਰਦਾ। ਇਸ ਨੂੰ ਗਿਆਨ ਹੀ ਧੋ ਕੇ ਉਤਾਰ ਸਕਦਾ ਹੈ। ਇਥੇ ਸੂਤਕ ਨੂੰ ‘ਅਪਵਿੱਤਰਤਾ ਰੂਪੀ ਮੈਲ’ ਮੰਨਦੇ ਹੋਏ ਉਸਨੂੰ ‘ਗਿਆਨ ਰੂਪੀ ਜਲ’ ਨਾਲ ਧੋਣ ਦਾ ਕਥਨ ਹੋਇਆ ਹੈ। ਇਥੇ ਜਲ ਦੀ ਕਿਰਿਆ ‘ਧੋਣਾ’ ਗਿਆਨ ਲਈ ਵਰਤੀ ਗਈ ਹੈ। ਇਹ ਭਾਸ਼ਾਈ ਜੁਗਤ ਅਰਥ ਪੱਧਰੀ ਵਿਚਲਨ ਅਖਵਾਉਂਦੀ ਹੈ।

ਇਸ ਸਲੋਕ ਦੀਆਂ ਕੁਲ ੬ ਤੁਕਾਂ ਹਨ। ਹਰ ਤੁਕ ਦਾ ਮਾਤਰਾ ਵਿਧਾਨ ੧੩+੧੧ ਹੈ। ਕੇਵਲ ਦੂਜੀ ਤੁਕ ਵਿਚ ਹੀ ੧੨+੧੧ ਮਾਤਰਾਵਾਂ ਹਨ। ਪਰੰਤੂ ਕੁਲ ਮਿਲਾ ਕੇ ਇਸ ਸਲੋਕ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਸ ਸਲੋਕ ਦੀ ਰਚਨਾ ਤਿੰਨ ਦੋਹਰੇ ਜੋੜ ਕੇ ਹੋਈ ਹੈ।