Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਜਿਉ ਜੋਰੂ ਸਿਰਨਾਵਣੀ    ਆਵੈ ਵਾਰੋ ਵਾਰ॥
ਜੂਠੇ ਜੂਠਾ ਮੁਖਿ ਵਸੈ    ਨਿਤ ਨਿਤ ਹੋਇ ਖੁਆਰੁ॥
ਸੂਚੇ ਏਹਿ ਨ ਆਖੀਅਹਿ    ਬਹਨਿ ਜਿ ਪਿੰਡਾ ਧੋਇ॥
ਸੂਚੇ ਸੇਈ ਨਾਨਕਾ    ਜਿਨ ਮਨਿ ਵਸਿਆ ਸੋਇ॥੨॥

ਮਃ ੧ ॥

ਜਿਉ ਜੋਰੂ ਸਿਰਨਾਵਣੀ    ਆਵੈ ਵਾਰੋ ਵਾਰ॥

ਜੂਠੇ ਜੂਠਾ ਮੁਖਿ ਵਸੈ    ਨਿਤ ਨਿਤ ਹੋਇ ਖੁਆਰੁ॥

ਸੂਚੇ ਏਹਿ ਨ ਆਖੀਅਹਿ    ਬਹਨਿ ਜਿ ਪਿੰਡਾ ਧੋਇ॥

ਸੂਚੇ ਸੇਈ ਨਾਨਕਾ    ਜਿਨ ਮਨਿ ਵਸਿਆ ਸੋਇ॥੨॥

ਜਿਸ ਤਰ੍ਹਾਂ ਇਸਤਰੀ ਨੂੰ ਵਾਰ-ਵਾਰ ਮਾਹਵਾਰੀ ਆਉਂਦੀ ਹੈ ਤੇ ਇਸ ਦੌਰਾਨ ਉਸ ਦੇ ਅੰਦਰੋਂ ਮਾਹਵਾਰੀ ਖੂਨ ਆਦਿ ਲਗਾਤਾਰ ਬਾਹਰ ਨਿਕਲਦਾ ਰਹਿੰਦਾ ਹੈ; ਉਸੇ ਤਰ੍ਹਾਂ ਵਿਕਾਰਾਂ ਦੀ ਮੈਲ ਨਾਲ ਅੰਦਰੋਂ ਮਲੀਨ (ਜੂਠੇ) ਮਨੁਖ ਦੇ ਮੂੰਹ ਵਿਚ ਵੀ ਝੂਠ, ਨਿੰਦਾ ਆਦਿ ਦਾ ਜੂਠਾ-ਪਣ ਲਗਾਤਾਰ ਵਸਦਾ ਤੇ ਉਸ ਦੇ ਬੋਲਾਂ ਰਾਹੀਂ ਬਾਹਰ ਨਿਕਲਦਾ ਰਹਿੰਦਾ ਹੈ, ਜਿਸ ਕਾਰਣ ਉਸਨੂੰ ਨਿਤ-ਦਿਨ ਖੱਜਲ-ਖੁਆਰ ਹੋਣਾ ਪੈਂਦਾ ਹੈ।
ਹੇ ਨਾਨਕ! ਅਜਿਹੇ ਲੋਕ ਪਵਿੱਤਰ ਨਹੀਂ ਆਖੇ ਜਾ ਸਕਦੇ, ਜੋ ਕੇਵਲ ਸਰੀਰ ਨੂੰ ਧੋ ਕੇ ਬੈਠ ਜਾਂਦੇ ਹਨ ਤੇ ਸਮਝਦੇ ਹਨ ਕਿ ਉਹ ਪਵਿੱਤਰ ਹੋ ਗਏ ਹਨ। ਸਹੀ ਅਰਥਾਂ ਵਿਚ ਪਵਿੱਤਰ ਉਹੀ ਕਹੇ ਜਾ ਸਕਦੇ ਹਨ, ਜਿਨ੍ਹਾਂ ਦੇ ਮਨ ਵਿਚ ਸੱਚਾ-ਪ੍ਰਭੂ ਵੱਸਿਆ ਹੋਇਆ ਹੈ।

ਜਿਵੇਂ ਔਰਤ ਨੂੰ ਵਾਰ-ਵਾਰ ਮਾਹਵਾਰੀ ਆਉਂਦੀ ਹੈ (ਤੇ ਇਸ ਦੌਰਾਨ ਉਸਦੇ ਅੰਦਰੋਂ ਮਾਹਵਾਰੀ ਖੂਨ ਆਦਿ ਬਾਹਰ ਨਿਕਲਦਾ ਰਹਿੰਦਾ ਹੈ, ਉਸੇ ਤਰ੍ਹਾਂ ਅੰਦਰੋਂ) ਜੂਠੇ (ਮਨੁਖ) ਦੇ ਮੂੰਹ ਵਿਚ ਜੂਠਾ-ਪਣ (ਹੀ) ਵਸਦਾ (ਤੇ ਜੂਠ ਹੀ ਬਾਹਰ ਨਿਕਲਦਾ ਹੈ, ਜਿਸ ਕਾਰਣ ਉਹ) ਨਿਤਾ-ਪ੍ਰਤੀ ਖੁਆਰ ਹੁੰਦਾ ਰਹਿੰਦਾ ਹੈ
ਸੁੱਚੇ ਇਹ (ਲੋਕ) ਨਹੀਂ ਆਖੇ ਜਾ ਸਕਦੇ, ਜਿਹੜੇ (ਕੇਵਲ) ਸਰੀਰ ਧੋ ਕੇ ਬਹਿੰਦੇ ਹਨ
ਹੇ ਨਾਨਕ! ਸੁੱਚੇ ਉਹੀ ਹਨ, ਜਿਨ੍ਹਾਂ ਦੇ ਮਨ ਵਿਚ ਉਹ (ਸੱਚਾ-ਪ੍ਰਭੂ) ਵੱਸਿਆ ਹੋਇਆ ਹੈ

ਇਸ ਸਲੋਕ ਵਿਚ ਦ੍ਰਿਸ਼ਟਾਂਤ ਅਲੰਕਾਰ ਦੀ ਖੁਬਸੂਰਤ ਵਰਤੋਂ ਦੁਆਰਾ ਗੁਰੂ ਸਾਹਿਬ ਨੇ ਅੰਦਰੋਂ ਜੂਠੇ ਵਿਅਕਤੀ ਦੇ ਕਿਰਦਾਰ ਦਾ ਪਾਜ ਉਘਾੜਿਆ ਹੈ। ਜਿਵੇਂ ਔਰਤ ਦੀ ਮਾਸਕ-ਧਰਮ ਪ੍ਰਕਿਰਿਆ ਲਗਾਤਾਰ ਚਲਦੀ ਰਹਿੰਦੀ ਹੈ, ਉਸੇ ਤਰ੍ਹਾਂ ਜੂਠੇ ਵਿਅਕਤੀ ਦੇ ਮੂੰਹ ਤੋਂ ਜੂਠ ਵੀ ਲਗਾਤਾਰ ਝੜ੍ਹਦਾ ਰਹਿੰਦਾ ਹੈ।

ਸਲੋਕ ਦੇ ਦੂਜੇ ਭਾਗ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਅਤੇ ਵਿਅੰਗਾਤਮਕਤਾ ਦੀ ਵਰਤੋਂ ਹੋਈ ਹੈ। ਬਾਹਰੀ ਸੁੱਚ ‘ਤੇ ਵਿਅੰਗ ਕਰਦੇ ਹੋਏ ਕਥਨ ਕੀਤਾ ਗਿਆ ਹੈ ਕਿ ਪਿੰਡਾ ਧੋਣ ਵਾਲੇ ਸੁੱਚੇ ਨਹੀਂ ਆਖੇ ਜਾ ਸਕਦੇ, ਬਲਕਿ ਸੁੱਚੇ ਉਹ ਵਿਅਕਤੀ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵਸਿਆ ਹੋਇਆ ਹੈ।

ਇਸ ਸਲੋਕ ਵਿਚ ਕੁਲ ਚਾਰ ਤੁਕਾਂ ਹਨ, ਜਿਨ੍ਹਾਂ ਦਾ ਮਾਤਰਾ ਵਿਧਾਨ ੧੩+੧੧ ਹੈ। ਸੋ ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਹ ਸਲੋਕ ਦੋ ਦੋਹਰੇ ਜੋੜ ਕੇ ਬਣਿਆ ਹੈ।