ਜਾਣ-ਪਛਾਣ
ਸਤਾਰ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਦੋਵਾਂ ਹੀ ਸਲੋਕਾਂ ਦੀਆਂ ੪-੪ ਤੁਕਾਂ ਹਨ। ਪਹਿਲੇ ਸਲੋਕ ਵਿਚ ਪਿਤਰਾਂ ਦੇ ਨਮਿਤ ਕੀਤੇ ਜਾਂਦੇ ਸਰਾਧਾਂ ਦੀ ਪਿਠਭੂਮੀ ਵਿਚ ਠੱਗੀ ਦੀ ਕਮਾਈ ਵਿਚੋਂ ਦਿਤੇ ਦਾਨ ‘ਤੇ ਵਿਅੰਗ ਕਰਦਿਆਂ ਪ੍ਰੇਰਨਾ ਦਿੱਤੀ ਗਈ ਹੈ ਕਿ ਦਰਗਾਹ ਵਿਚ ਕੇਵਲ ਹੱਕ-ਸੱਚ ਦੀ ਕਮਾਈ ਕਰਕੇ ਕੀਤਾ ਦਾਨ-ਪੁੰਨ ਹੀ ਮਨੁਖ ਦਾ ਸਹਾਈ ਹੁੰਦਾ ਹੈ। ਦੂਜੇ ਸਲੋਕ ਵਿਚ ਦ੍ਰਿਸ਼ਟਾਂਤ ਅਲੰਕਾਰ ਦੇ ਮਾਧਿਅਮ ਰਾਹੀਂ ਬਿੰਬ ਸਿਰਜ ਕੇ ਜੂਠੇ ਵਿਅਕਤੀ ਦੇ ਕਿਰਦਾਰ ਦਾ ਪਾਜ ਉਘਾੜਿਆ ਹੈ। ਪਉੜੀ ਵਿਚ ਸੰਸਾਰਕ ਨਾਸ਼ਮਾਨਤਾ ਨੂੰ ਕੇਂਦਰ ਵਿਚ ਰਖਦਿਆਂ ਪ੍ਰਭੂ ਨੂੰ ਵਿਸਾਰੇ ਜਾਣ ਦੀ ਸਥਿਤੀ ਵਿਚ ਸੰਸਾਰਕ ਵਸਤਾਂ ਦੀ ਨਿਰਮੂਲਤਾ ਨੂੰ ਅਭਿਵਿਅਕਤ ਕੀਤਾ ਹੈ।ਨੋਟ: ਸੰਪ੍ਰਦਾਈ ਵਿਦਵਾਨਾਂ ਦੇ ਕਥਨ ਅਨੁਸਾਰ ਇਹ ਸਲੋਕ ਲਾਹੌਰ ਵਾਸੀ ਮੰਗੂ ਅਤੇ ਭਾਗੂ ਖਤਰੀ ਦੇ ਪ੍ਰਥਾਇ ਉਚਾਰੇ ਗਏ ਹਨ। ਪਰ ਭਾਈ ਸੰਤੋਖ ਸਿੰਘ ਨੇ (ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ) ਇਹ ਦੁਨੀ ਚੰਦ ਪ੍ਰਤੀ ਉਚਾਰੇ ਦੱਸੇ ਹਨ।