Connect

2005 Stokes Isle Apt. 896, Vacaville 10010, USA

[email protected]

ਸਲੋਕ ਮਃ ੧॥
ਗਊ ਬਿਰਾਹਮਣ ਕਉ ਕਰੁ ਲਾਵਹੁ    ਗੋਬਰਿ ਤਰਣੁ ਨ ਜਾਈ ॥
ਧੋਤੀ ਟਿਕਾ ਤੈ ਜਪਮਾਲੀ    ਧਾਨੁ ਮਲੇਛਾਂ ਖਾਈ ॥
ਅੰਤਰਿ ਪੂਜਾ ਪੜਹਿ ਕਤੇਬਾ    ਸੰਜਮੁ ਤੁਰਕਾ ਭਾਈ ॥
ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥੧॥

ਸਲੋਕ ਮਃ ੧॥

ਗਊ ਬਿਰਾਹਮਣ ਕਉ ਕਰੁ ਲਾਵਹੁ    ਗੋਬਰਿ ਤਰਣੁ ਨ ਜਾਈ ॥

ਧੋਤੀ ਟਿਕਾ ਤੈ ਜਪਮਾਲੀ    ਧਾਨੁ ਮਲੇਛਾਂ ਖਾਈ ॥

ਅੰਤਰਿ ਪੂਜਾ ਪੜਹਿ ਕਤੇਬਾ    ਸੰਜਮੁ ਤੁਰਕਾ ਭਾਈ ॥

ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥੧॥

ਹਿੰਦੂ ਅਧਿਕਾਰੀਓ! ਮੁਸਲਮਾਨ ਪ੍ਰਸ਼ਾਸਨ ਦੇ ਮਾਲ ਅਧਿਕਾਰੀਆਂ ਵਜੋਂ ਇਕ ਪਾਸੇ ਤਾਂ ਤੁਸੀਂ ਗਾਂ ਅਤੇ ਬ੍ਰਾਹਮਣ ਨੂੰ ਵੀ ਨਦੀ ਆਦਿ ਪਾਰ ਕਰਾਉਣ ਲਗਿਆਂ ਟੈਕਸ ਲਾਉਂਦੇ ਹੋ ਤੇ ਦੂਜੇ ਪਾਸੇ ਵਿਸ਼ਵਾਸ ਕਰਦੇ ਹੋ ਕਿ ਉਸ ਬ੍ਰਾਹਮਣ ਵਲੋਂ ਤਿਆਰ ਕੀਤਾ ਜਨੇਊ ਤੇ ਗਾਂ ਦਾ ਗੋਹਾ ਤੁਹਾਨੂੰ ਪਵਿੱਤਰ ਕਰ ਦੇਵੇਗਾ; ਪਰ ਗਾਂ ਦੇ ਗੋਹੇ ਦੇ ਪੋਚੇ ਆਦਿ ਨਾਲ ਇਹ ਸੰਸਾਰ-ਸਮੁੰਦਰ ਤਰਿਆ ਨਹੀਂ ਜਾ ਸਕਦਾ।
ਇਕ ਪਾਸੇ ਸਨਾਤਨੀ ਮਰਿਆਦਾ ਅਨੁਸਾਰ ਤੁਸੀਂ ਤੇੜ ਧੋਤੀ ਪਹਿਨਦੇ ਹੋ, ਮੱਥੇ ‘ਤੇ ਤਿਲਕ ਲਾਉਂਦੇ ਹੋ ਅਤੇ ਹਥ ਵਿਚ ਮੰਤ੍ਰ ਜਾਪ ਲਈ ਮਾਲਾ ਰਖਦੇ ਹੋ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਮਲੇਛ ਕਹਿੰਦੇ ਹੋ, ਉਨ੍ਹਾਂ ਮੁਸਲਮਾਨਾਂ ਦਾ ਹੀ ਦਿਤਾ ਹੋਇਆ ਅੰਨ ਖਾਂਦੇ ਹੋ।
ਹੇ ਭਾਈ! ਆਪਣੇ ਘਰ ਵਿਚ ਤਾਂ ਤੂੰ ਸਨਾਤਨੀ ਮਤ ਅਨੁਸਾਰ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈਂ, ਪਰ ਘਰ ਤੋਂ ਬਾਹਰ ਕੁਰਾਨ ਆਦਿਕ ਸਾਮੀ ਮੱਤ ਦੀਆਂ ਧਾਰਮਕ ਕਿਤਾਬਾਂ ਪੜ੍ਹਦਾ ਅਤੇ ਮੁਸਲਮਾਨਾਂ ਵਾਲਾ ਢੰਗ-ਤਰੀਕਾ ਅਪਣਾਉਂਦਾ ਹੈਂ।
ਇਹੋ ਜਿਹੇ ਲੋਕ-ਵਿਖਾਵੇ ਨੂੰ ਛੱਡ ਦੇਹ। ਕਿਉਂਕਿ ਸੱਚੇ ਮਨ ਨਾਲ ਪਰਮੇਸ਼ਰ ਦਾ ਨਾਮ ਜਪਣ ਸਦਕਾ ਹੀ ਤੂੰ ਇਸ ਭਵਸਾਗਰ ਨੂੰ ਪਾਰ ਕਰ ਸਕੇਂਗਾ।

(ਹਿੰਦੂ ਅਧਿਕਾਰੀਓ! ਇਕ ਪਾਸੇ ਤੁਸੀਂ) ਗਾਂ ਤੇ ਬ੍ਰਾਹਮਣ ਨੂੰ (ਵੀ) ਕਰ ਲਾਉਂਦੇ ਹੋ; (ਅਤੇ ਦੂਜੇ ਪਾਸੇ ਮੰਨਦੇ ਹੋ ਕਿ ਉਸ ਬ੍ਰਾਹਮਣ ਦਾ ਬਣਾਇਆ ਜਨੇਊ ਤੇ ਗਾਂ ਦਾ ਗੋਹਾ ਤੁਹਾਨੂੰ ਪਵਿੱਤਰ ਕਰ ਦੇਵੇਗਾ; ਪਰ ਗਾਂ ਦੇ) ਗੋਹੇ (ਆਦਿ ਦੇ ਪੋਚੇ) ਨਾਲ ਤਰਿਆ ਨਹੀਂ ਜਾ ਸਕਦਾ
ਹੇ ਭਾਈ! (ਆਪਣੇ ਘਰ) ਅੰਦਰ (ਦੇਵੀ ਦੇਵਤਿਆਂ ਦੀ) ਪੂਜਾ-ਅਰਚਨਾ (ਕਰਦਾ ਹੈਂ, (ਪਰ ਘਰ ਤੋਂ ਬਾਹਰ ਕੁਰਾਨ ਆਦਿਕ ਸਾਮੀ ਮੱਤ ਦੀਆਂ ਧਾਰਮਕ) ਕਿਤਾਬਾਂ ਪੜ੍ਹਦਾ ਹੈਂ (ਅਤੇ) ਮੁਸਲਮਾਨਾਂ ਵਾਲਾ ਢੰਗ-ਤਰੀਕਾ (ਅਪਣਾਉਂਦਾ ਹੈਂ)
(ਇਕ ਪਾਸੇ ਸਨਾਤਨੀ ਮਰਿਆਦਾ ਅਨੁਸਾਰ ਤੇੜ) ਧੋਤੀ (ਪਹਿਨਦੇ ਹੋ), (ਮੱਥੇਤੇ) ਤਿਲਕ (ਲਾਉਂਦੇ ਹੋ) ਤੇ (ਹਥ ਵਿਚ ਮੰਤ੍ਰ ਜਾਪ ਲਈ) ਮਾਲਾ (ਵੀ ਰਖਦੇ ਹੋ, ਪਰ ਦੂਜੇ ਪਾਸੇ ਜਿਨ੍ਹਾਂ ਮੁਸਲਮਾਨਾਂ ਨੂੰ ਤੁਸੀਂ ਮਲੇਛ ਕਹਿੰਦੇ ਹੋ, ਉਨ੍ਹਾਂ) ਮਲੇਛਾਂ ਦਾ (ਹੀ ਦਿਤਾ ਹੋਇਆ) ਅੰਨ ਖਾਂਦੇ ਹੋ
ਪਖੰਡਾਂ ਨੂੰ ਛੱਡ ਦੇਹ (ਸੱਚੇ ਮਨ ਨਾਲ ਪਰਮੇਸ਼ਰ ਦਾ) ਨਾਮ ਜਪਣ ਨਾਲ (ਹੀ) ਤਰ ਸਕੇਂਗਾ

ਇਸ ਸਲੋਕ ਵਿਚ ਸਿਧੇ ਅਰਥਾਂ ਵਾਲੀ ਸ਼ਬਦਾਵਲੀ ਰਾਹੀਂ ਤਤਕਾਲੀ ਹਿੰਦੂ ਸਮਾਜ ਵਿਚ ਘਰ ਕਰ ਚੁਕੇ ਪਖੰਡਾਂ ਅਤੇ ਤੁਰਕਾਂ ਦੀ ਜੀ-ਹਜ਼ੂਰੀ ਦੇ ਰਵੱਈਏ ਉਪਰ ਚੋਟ ਕਰਦਿਆਂ ਕਥਨ ਕੀਤਾ ਗਿਆ ਹੈ ਕਿ ਸਾਰੇ ਪਖੰਡਾਂ ਨੂੰ ਛਡ ਕੇ ਪ੍ਰਭੂ ਦਾ ਨਾਮ ਲੈਣ ਨਾਲ ਹੀ ਸੰਸਾਰ-ਸਾਗਰ ਤਰਿਆ ਜਾ ਸਕਦਾ ਹੈ।

‘ਛੋਡੀਲੇ ਪਾਖੰਡਾ’ ਅਕਾਰ ਵਿਚ ਛੋਟੀ ਅਤੇ ਬਾਕੀ ਤੁਕਾਂ ਨਾਲੋਂ ਵਖਰੀ ਤੁਕ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਵਖ-ਵਖ ਪਖੰਡਾਂ ਦਾ ਵੇਰਵਾ ਹੈ, ਜਦਕਿ ਇਸ ਲਘੂ ਅਕਾਰੀ ਤੁਕ ਵਿਚ ਸਪਸ਼ਟ ਫੁਰਮਾਨ ਹੈ ਕਿ ਪਖੰਡਾਂ ਨੂੰ ਛਡੋ। ਇਸ ਕਰਕੇ ਇਸ ਤੁਕ ਵਿਚ ਰੂਪ ਅਤੇ ਅਰਥ ਦੋਵੇਂ ਪੱਧਰਾਂ ਉਪਰ ਵਿਪਥਨ ਹੋ ਗਿਆ ਹੈ।

ਇਸ ਸਲੋਕ ਦੀਆਂ ਪਹਿਲੀਆਂ ਤਿੰਨ ਤੁਕਾਂ ਦਾ ਮਾਤਰਾ ਵਿਧਾਨ ਸ਼ਬਦਾਵਲੀ ਅਤੇ ਉਚਾਰਣ ਅਨੁਸਾਰ ੧੬+੧੨ ਬਣਦਾ ਹੈ। ਭਾਵੇਂ ਪਹਿਲੀ ਤੁਕ ੧੭+੧੨ ਹੈ ਅਤੇ ਦੂਜੀ ਤੁਕ ੧੫+੧੨ ਹੈ, ਪਰੰਤੂ ‘ਟਿਕਾ’ ਦਾ ਉਚਾਰਣ ‘ਟਿੱਕਾ’ ਬਣਨ ’ਤੇ ਇਹ ਵੀ ੧੬+੧੨ ਹੋ ਜਾਂਦੀ ਹੈ। ਇਹ ਤੁਕਾਂ ਹਰਿਗੀਤਿਕਾ ਛੰਦ ਅਧੀਨ ਰਖੀਆਂ ਜਾ ਸਕਦੀਆਂ ਹਨ। ‘ਛੋਡੀਲੇ ਪਾਖੰਡਾ’ ਵਿਚ ੧੨ ਮਾਤਰਾ ਅਤੇ ‘ਨਾਮਿ ਲਇਐ ਜਾਹਿ ਤਰੰਦਾ’ ਵਿਚ ੧੫ ਮਾਤਰਾਵਾਂ ਆਈਆਂ ਹਨ।