Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧ ॥
ਕੂੜੁ ਰਾਜਾ   ਕੂੜੁ ਪਰਜਾ    ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ   ਕੂੜੁ ਮਾੜੀ    ਕੂੜੁ ਬੈਸਣਹਾਰੁ ॥
ਕੂੜੁ ਸੁਇਨਾ   ਕੂੜੁ ਰੁਪਾ    ਕੂੜੁ ਪੈਨ੍ਣਹਾਰੁ ॥
ਕੂੜੁ ਕਾਇਆ   ਕੂੜੁ ਕਪੜੁ    ਕੂੜੁ ਰੂਪੁ ਅਪਾਰੁ ॥
ਕੂੜੁ ਮੀਆ   ਕੂੜੁ ਬੀਬੀ    ਖਪਿ ਹੋਏ ਖਾਰੁ ॥
ਕੂੜਿ ਕੂੜੈ ਨੇਹੁ ਲਗਾ    ਵਿਸਰਿਆ ਕਰਤਾਰੁ ॥
ਕਿਸੁ ਨਾਲਿ ਕੀਚੈ ਦੋਸਤੀ    ਸਭੁ ਜਗੁ ਚਲਣਹਾਰੁ ॥
ਕੂੜੁ ਮਿਠਾ   ਕੂੜੁ ਮਾਖਿਉ    ਕੂੜੁ ਡੋਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ    ਤੁਧੁ ਬਾਝੁ ਕੂੜੋ ਕੂੜੁ ॥੧॥

ਸਲੋਕੁ ਮਃ ੧ ॥

ਕੂੜੁ ਰਾਜਾ   ਕੂੜੁ ਪਰਜਾ    ਕੂੜੁ ਸਭੁ ਸੰਸਾਰੁ ॥

ਕੂੜੁ ਮੰਡਪ   ਕੂੜੁ ਮਾੜੀ    ਕੂੜੁ ਬੈਸਣਹਾਰੁ ॥

ਕੂੜੁ ਸੁਇਨਾ   ਕੂੜੁ ਰੁਪਾ    ਕੂੜੁ ਪੈਨ੍ਣਹਾਰੁ ॥

ਕੂੜੁ ਕਾਇਆ   ਕੂੜੁ ਕਪੜੁ    ਕੂੜੁ ਰੂਪੁ ਅਪਾਰੁ ॥

ਕੂੜੁ ਮੀਆ   ਕੂੜੁ ਬੀਬੀ    ਖਪਿ ਹੋਏ ਖਾਰੁ ॥

ਕੂੜਿ ਕੂੜੈ ਨੇਹੁ ਲਗਾ    ਵਿਸਰਿਆ ਕਰਤਾਰੁ ॥

ਕਿਸੁ ਨਾਲਿ ਕੀਚੈ ਦੋਸਤੀ    ਸਭੁ ਜਗੁ ਚਲਣਹਾਰੁ ॥

ਕੂੜੁ ਮਿਠਾ   ਕੂੜੁ ਮਾਖਿਉ    ਕੂੜੁ ਡੋਬੇ ਪੂਰੁ ॥

ਨਾਨਕੁ ਵਖਾਣੈ ਬੇਨਤੀ    ਤੁਧੁ ਬਾਝੁ ਕੂੜੋ ਕੂੜੁ ॥੧॥

ਰਾਜਾ ਨਾਸ਼ਵਾਨ ਹੈ, ਪਰਜਾ ਨਾਸ਼ਵਾਨ ਹੈ; ਗੱਲ ਕੀ, ਸਾਰਾ ਸੰਸਾਰ ਹੀ ਨਾਸ਼ਵਾਨ ਹੈ।
ਸ਼ਾਮਿਆਨੇ ਨਾਸ਼ਵਾਨ ਹਨ, ਅਟਾਰੀ ਨਾਸ਼ਵਾਨ ਹੈ; ਤੇ ਇਨ੍ਹਾਂ ਵਿਚ ਬੈਠਣਵਾਲਾ ਮਨੁਖ ਵੀ ਨਾਸ਼ਵਾਨ ਹੈ।
ਸੋਨਾ ਨਾਸ਼ਵਾਨ ਹੈ, ਚਾਂਦੀ ਨਾਸ਼ਵਾਨ ਹੈ; ਤੇ ਸੋਨੇ, ਚਾਂਦੀ ਆਦਿ ਦੇ ਬਣੇ ਗਹਿਣੇ ਪਾਉਣ ਵਾਲਾ ਮਨੁਖ ਵੀ ਨਾਸ਼ਵਾਨ ਹੈ।
ਮਨੁਖਾ ਦੇਹੀ ਨਾਸ਼ਵਾਨ ਹੈ, ਦੇਹੀ ਨੂੰ ਢੱਕਣ/ਸਜਾਉਣ ਲਈ ਪਾਇਆ ਜਾਣ ਵਾਲਾ ਪਹਿਰਾਵਾ ਨਾਸ਼ਵਾਨ ਹੈ; ਦੇਹੀ ਦਾ ਉਹ ਅਥਾਹ ਸੁਹੱਪਣ ਵੀ ਨਾਸ਼ਵਾਨ ਹੈ, ਜਿਸ ਉਪਰ ਮਨੁਖ ਬਹੁਤ ਮਾਣ ਕਰਦਾ ਹੈ।
ਪਤੀ ਨਾਸ਼ਵਾਨ ਹੈ, ਪਤਨੀ ਨਾਸ਼ਵਾਨ ਹੈ, ਜੋ ਛਿਣ-ਭੰਗਰ ਭੋਗਾਂ ਕਾਰਨ ਖਪਦੇ ਤੇ ਖਜਲ-ਖੁਆਰ ਹੁੰਦੇ ਰਹਿੰਦੇ ਹਨ।
ਕੂੜ ਵਿਚ ਗ੍ਰਸਤ ਨਾਸ਼ਵਾਨ ਮਨੁਖ ਦਾ ਮੋਹ-ਪਿਆਰ ਨਾਸ਼ਵਾਨ ਸੰਸਾਰ ਅਤੇ ਇਸ ਦੇ ਨਾਸ਼ਵਾਨ ਪਦਾਰਥਾਂ ਵਿਚ ਪਿਆ ਹੋਇਆ ਹੈ ਤੇ ਸੰਸਾਰ ਦਾ ਕਰਣਹਾਰ ਇਸ ਦੇ ਮਨੋਂ ਭੁਲਿਆ ਪਿਆ ਹੈ।
ਅਜਿਹੀ ਸਥਿਤੀ ਵਿਚ, ਜਦੋਂ ਸਾਰਾ ਸੰਸਾਰ ਹੀ ਚਲਾਇਮਾਨ ਹੈ ਤਾਂ ਫਿਰ ਕਿਸ ਨਾਲ ਮਿੱਤਰਤਾ ਕੀਤੀ ਜਾਏ? ਭਾਵ, ਸਿਰਜਣਹਾਰ ਤੋਂ ਬਗੈਰ ਇਸ ਸੰਸਾਰ ਵਿਚ ਕੋਈ ਵੀ ਕਿਸੇ ਨਾਲ ਤੋੜ ਨਿਭਣਵਾਲਾ ਸਦੀਵੀ ਸਾਥੀ ਜਾਂ ਸੰਬੰਧੀ ਨਹੀਂ ਹੈ।
ਇਸਦੇ ਬਾਵਜੂਦ, ਇਹ ਨਾਸ਼ਵਾਨ ਸੰਸਾਰ ਮਨੁਖ ਨੂੰ ਪਿਆਰਾ ਲਗਦਾ ਹੈ, ਸ਼ਹਿਦ ਵਾਂਗ ਮਿਠਾ ਲਗਦਾ ਹੈ। ਪਰ ਅਖੀਰ ਇਹ ਵਰਤਾਰਾ ਇਸ ਨਾਸ਼ਵਾਨ ਸੰਸਾਰ ਵਿਚ ਖਚਤ ਹੋਣ ਵਾਲੇ ਲੋਕਾਂ ਦੇ ਸਾਰੇ ਸਮੂਹ ਨੂੰ ਡੋਬ ਦਿੰਦਾ ਹੈ।
ਇਸ ਲਈ ਨਾਨਕ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ ਹੇ ਕਰਣਹਾਰ ਕਰਤਾਰ! ਤੇਰੇ ਬਗੈਰ ਸਭ ਕੁਝ ਨਾਸ਼ਵਾਨ ਹੀ ਨਾਸ਼ਵਾਨ ਹੈ; ਇਕ ਤੂੰ ਹੀ ਥਿਰ ਰਹਿਣ ਵਾਲਾ ਸੱਚਾ ਮਾਲਕ ਹੈਂ।

ਨਾਸ਼ਵਾਨ ਹੈ ਰਾਜਾ, ਨਾਸ਼ਵਾਨ ਹੈ ਪਰਜਾ; ਨਾਸ਼ਵਾਨ ਹੈ ਸਾਰਾ ਸੰਸਾਰ
ਨਾਸ਼ਵਾਨ ਹਨ ਸ਼ਾਮਿਆਨੇ, ਨਾਸ਼ਵਾਨ ਹੈ ਅਟਾਰੀ; ਨਾਸ਼ਵਾਨ ਹੈ (ਉਨ੍ਹਾਂ ਵਿਚ) ਬੈਠਣਵਾਲਾ (ਮਨੁਖ)
ਨਾਸ਼ਵਾਨ ਹੈ ਸੋਨਾ, ਨਾਸ਼ਵਾਨ ਹੈ ਚਾਂਦੀ; ਨਾਸ਼ਵਾਨ ਹੈ (ਉਨ੍ਹਾਂ ਨੂੰ) ਪਹਿਨਣ ਵਾਲਾ (ਮਨੁਖ)
ਨਾਸ਼ਵਾਨ ਹੈ ਦੇਹੀ, ਨਾਸ਼ਵਾਨ ਹੈ ਜਾਮਾ; ਨਾਸ਼ਵਾਨ ਹੈ (ਦੇਹ ਦਾ) ਅਥਾਹ ਸੁਹੱਪਣ
ਨਾਸ਼ਵਾਨ ਹੈ ਮੀਆਂ, ਨਾਸ਼ਵਾਨ ਹੈ ਬੀਵੀ, (ਜੋ) ਖਪ ਕੇ ਖੁਆਰ ਹੋਏ (ਰਹਿੰਦੇ) ਹਨ
ਕੂੜੇ (ਮਨੁਖ) ਦਾ ਪਿਆਰ ਕੂੜ ਵਿਚ ਲਗਾ ਹੋਇਆ ਹੈ; ਕਰਤਾਰ ਵਿਸਰ ਗਿਆ ਹੈ
(ਤਾਂ ਫਿਰ) ਕਿਸ ਨਾਲ ਮਿੱਤਰਤਾ ਕੀਤੀ ਜਾਏ? (ਕਿਉਂਕਿ) ਸਾਰਾ ਜਗਤ (ਹੀ) ਚਲਾਇਮਾਨ ਹੈ
(ਅਸਲ ਵਿਚ) ਨਾਸ਼ਵਾਨ ਮਿਠਾ ਹੈ, ਨਾਸ਼ਵਾਨ ਸ਼ਹਿਦ (ਵਾਂਗ) ਹੈ; ਨਾਸ਼ਵਾਨ ਡੋਬ ਦਿੰਦਾ ਹੈ (ਸਾਰੇ) ਸਮੂਹ ਨੂੰ
ਨਾਨਕ (ਕੇਵਲ ਕਰਤਾਪੁਰਖ ਅੱਗੇ ਹੀ) ਬੇਨਤੀ ਕਰਦਾ ਹੈ (ਕਿ ਹੇ ਕਰਤਾਪੁਰਖ!) ਤੇਰੇ ਬਿਨਾਂ, (ਸਭ) ਨਾਸ਼ਵਾਨ ਹੀ ਨਾਸ਼ਵਾਨ ਹੈ

ਨੌਂ ਤੁਕਾਂ ਵਾਲੇ ਇਸ ਸਲੋਕ ਵਿਚ ਸ਼ਬਦ ਪੱਧਰੀ ਸਮਾਨੰਤਰਤਾ ਦੀ ਖੂਬਸੂਰਤ ਵਰਤੋਂ ਹੋਈ ਹੈ। ਇਸ ਸਾਹਿਤਕ ਜੁਗਤ ਦੇ ਅੰਤਰਗਤ ਇਸ ਸਲੋਕ ਦੀ ਪਹਿਲੀ, ਦੂਜੀ, ਤੀਜੀ, ਚਉਥੀ ਅਤੇ ਅਠਵੀਂ ਤੁਕ ਵਿਚ ਤਿੰਨ-ਤਿੰਨ ਵਾਰ ਅਤੇ ਪੰਜਵੀਂ ਤੁਕ ਵਿਚ ਦੋ ਵਾਰ ਅਰਥਾਤ ਕੁੱਲ ਸਤਾਰਾਂ ਵਾਰ ‘ਕੂੜ’ ਸ਼ਬਦ ਦੀ ਦੁਹਰਾਈ ਹੋਈ ਹੈ। ਇਸਦੇ ਸਮੇਤ ਕਿਉਂਕਿ ਇਨ੍ਹਾਂ ਛੇ ਤੁਕਾਂ ਦੀ ਸੰਰਚਨਾਤਮਕ ਬਣਤਰ ਵੀ ਇਕੋ ਜਿਹੀ ਹੈ, ਇਸ ਲਈ ਇਥੇ ਸੰਰਚਨਾ ਪੱਧਰੀ ਸਮਾਨੰਤਰਤਾ ਵੀ ਹੈ। ‘ਕੂੜੁ’ ਸ਼ਬਦ ਦੀ ਵਾਰ-ਵਾਰ ਵਰਤੋਂ ਅਤੇ ਇਨ੍ਹਾਂ ਸਮਾਨੰਤਰਤਾਵਾਂ ਰਾਹੀਂ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ ਸ੍ਰਿਸ਼ਟੀ ਦਾ ਹਰ ਪਦਾਰਥ ਅਤੇ ਜੀਵ ‘ਕੂੜ’ ਅਰਥਾਤ ਨਾਸ਼ਵਾਨ ਅਤੇ ਛਿਣ-ਭੰਗਰ ਹੈ।

ਇਨ੍ਹਾਂ ਤੁਕਾਂ ਵਿਚ ਵਰਤੇ ਗਏ ਸ਼ਬਦ ‘ਰਾਜਾ-ਪਰਜਾ’ (ਪਹਿਲੀ), ‘ਮੰਡਪ-ਮਾੜੀ’ (ਦੂਜੀ), ‘ਸੁਇਨਾ-ਰੁਪਾ’ (ਤੀਜੀ), ‘ਕਾਇਆ-ਕਪੜੁ’ (ਚਉਥੀ), ‘ਮੀਆ-ਬੀਬੀ’ (ਪੰਜਵੀਂ) ਅਤੇ ‘ਮਿਠਾ-ਮਾਖਿਓ’ (ਅਠਵੀਂ) ਕਿਉਂਕਿ ਅਰਥ ਪੱਧਰ ‘ਤੇ ਇਕ-ਦੂਜੇ ਦੇ ਪੂਰਕ ਹਨ, ਇਸ ਲਈ ਇਥੇ ਸਮਤਾ ਮੂਲਕ ਅਰਥ ਪੱਧਰੀ ਸਮਾਨੰਤਰਤਾ ਵੀ ਹੈ। ਇਨ੍ਹਾਂ ਤੁਕਾਂ ਵਿਚ ਵਰਤਿਆ ਗਿਆ ਅੰਤਲਾ ਸ਼ਬਦ ਪਹਿਲੇ ਦੋਵੇਂ ਸ਼ਬਦਾਂ ਨਾਲ ਸੰਬੰਧਤ ਹੈ ਅਤੇ ਉਨ੍ਹਾਂ ਦੇ ਭਾਵ ਨੂੰ ਪ੍ਰਗਟ ਕਰਦਾ ਹੈ।
‘ਰਾਜਾ-ਪਰਜਾ’-‘ਸੰਸਾਰ’ (ਪਹਿਲੀ)
‘ਮੰਡਪ-ਮਾੜੀ’-‘ਬੈਸਣਹਾਰੁ’ (ਦੂਜੀ)
‘ਸੁਇਨਾ-ਰੁਪਾ’-‘ਪੈਨ੍ਣਹਾਰੁ’ (ਤੀਜੀ)
‘ਕਾਇਆ-ਕਪੜੁ’-‘ਰੂਪੁ-ਅਪਾਰੁ’ (ਚਉਥੀ)

ਸਲੋਕ ਦੀ ਅੰਤਮ ਤੁਕ ‘ਤੁਧੁ ਬਾਝੁ ਕੁੜੋ ਕੁੜੁ’ ਸਮੁਚੇ ਸਲੋਕ ਦਾ ਮੂਲ ਭਾਵ ਪ੍ਰਗਟ ਕਰ ਰਹੀ ਹੈ ਕਿ ਪ੍ਰਭੂ ਤੋਂ ਬਿਨਾਂ ਹੋਰ ਸਭ ਕੁਝ ਨਾਸ਼ਵੰਤ ਹੈ। ਇਹ ਤੁਕ ਜਿਥੇ ਪਹਿਲੀਆਂ ਤੁਕਾਂ ਵਿਚ ਉਸਰੀ ਗੁੰਝਲ ਨੂੰ ਖੋਲ੍ਹਦੀ ਹੈ, ਉਥੇ ਪਹਿਲੀਆਂ ਤੁਕਾਂ ਵਿਚ ਸੰਸਾਰਕ ਪਦਾਰਥਾਂ ਅਤੇ ਜੀਵਾਂ ਦੀ ਨਾਸ਼ਵਾਨਤਾ ਦੇ ਘੇਰੇ ਵਿਚੋਂ ਬਾਹਰ ਰਹਿ ਜਾਣ ਵਾਲੀਆਂ ਸੰਭਾਵਨਾਵਾਂ ਨੂੰ ਵੀ ਮੁਖਾਤਬ ਹੁੰਦੀ ਹੈ। ਇਸ ਤੁਕ ਵਿਚਲਾ ‘ਤੁਧੁ ਬਾਝੁ’ ਵਾਕੰਸ਼ ਇਸ ਕਾਰਜ ਦੀ ਪੂਰਤੀ ਕਰਦਾ ਹੈ, ਕਿਉਂਕਿ ਪ੍ਰਭੂ ਤੋਂ ਬਿਨਾਂ ਹੋਰ ਸਾਰਾ ਪਰਪੰਚ ਹੀ ਨਾਸ਼ਵਾਨ ਹੈ।

ਇਹ ਸਲੋਕ ਨੂੰ ‘ਰੂਪਮਾਲਾ ਛੰਦ’ ਦੇ ਅਧੀਨ ਰਖਿਆ ਜਾ ਸਕਦਾ ਹੈ, ਜਿਸ ਦੀਆਂ ੧੪+੧੦ = ੨੪ ਮਾਤ੍ਰਾਵਾਂ ਹੁੰਦੀਆਂ ਹਨ।