Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਨਾਨਕ   ਗੁਰੂ ਨ ਚੇਤਨੀ    ਮਨਿ ਆਪਣੈ ਸੁਚੇਤ ॥
ਛੁਟੇ ਤਿਲ ਬੂਆੜ ਜਿਉ    ਸੁੰਞੇ ਅੰਦਰਿ ਖੇਤ ॥
ਖੇਤੈ ਅੰਦਰਿ ਛੁਟਿਆ    ਕਹੁ ਨਾਨਕ ਸਉ ਨਾਹ ॥
ਫਲੀਅਹਿ ਫੁਲੀਅਹਿ ਬਪੁੜੇ    ਭੀ ਤਨ ਵਿਚਿ ਸੁਆਹ ॥੩॥

ਮਃ ੧ ॥

ਨਾਨਕ   ਗੁਰੂ ਨ ਚੇਤਨੀ    ਮਨਿ ਆਪਣੈ ਸੁਚੇਤ ॥

ਛੁਟੇ ਤਿਲ ਬੂਆੜ ਜਿਉ    ਸੁੰਞੇ ਅੰਦਰਿ ਖੇਤ ॥

ਖੇਤੈ ਅੰਦਰਿ ਛੁਟਿਆ    ਕਹੁ ਨਾਨਕ ਸਉ ਨਾਹ ॥

ਫਲੀਅਹਿ ਫੁਲੀਅਹਿ ਬਪੁੜੇ    ਭੀ ਤਨ ਵਿਚਿ ਸੁਆਹ ॥੩॥

ਮਹਲਾ ਪਹਿਲਾ, ਭਾਵ ਗੁਰੂ ਨਾਨਕ ਸਾਹਿਬ, ਦੁਆਰਾ ਉਚਾਰਿਆ ਸਲੋਕ।
ਨਾਨਕ! ਜਿਹੜੇ ਵਿਅਕਤੀ ਆਪਣੇ ਮਨ ਵਿਚ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ ਅਤੇ ਗੁਰ-ਉਪਦੇਸ਼ ਨੂੰ ਚਿਤ ਵਿਚ ਨਹੀਂ ਵਸਾਉਂਦੇ, ਉਹ ਇਉਂ ਹਨ ਜਿਵੇਂ ਖਾਲੀ ਖੇਤ ਵਿਚ ਕਾਲ ਅੰਗਿਆਰੀ ਦੀ ਬੀਮਾਰੀ ਨਾਲ ਸੜੀ ਫਲੀ ਵਾਲੇ ਤਿਲਾਂ ਦੇ ਛੁੱਟੜ ਬੂਟੇ ਹੁੰਦੇ ਹਨ।
ਨਾਨਕ ਦਾ ਕਥਨ ਹੈ: ਖੇਤ ਵਿਚ ਛੱਡਿਆਂ ਹੋਇਆਂ ਉਨ੍ਹਾਂ ਸੜੀ ਫਲੀ ਵਾਲੇ ਤਿਲਾਂ ਦੇ ਬੂਟਿਆਂ ਦਾ ਇਕ ਮਾਲਕ ਨਹੀਂ ਹੁੰਦਾ; ਉਹ ਸੈਂਕੜੇ ਮਾਲਕਾਂ ਦੇ ਵੱਸ ਪੈਂਦੇ ਹਨ, ਜੋ ਉਨ੍ਹਾਂ ਨੂੰ ਆਪਣੀ ਲੋੜ ਅਨੁਸਾਰ ਵਰਤਦੇ ਹਨ।
ਉਹ ਵਿਚਾਰੇ ਖਿੜਦੇ ਵੀ ਹਨ ਤੇ ਫਲਦੇ ਵੀ ਹਨ, ਪਰ ਫਿਰ ਵੀ ਉਨ੍ਹਾਂ ਦੇ ਫਲੀ ਰੂਪ ਸਰੀਰ ਵਿਚ ਸੁਆਹ ਹੀ ਹੁੰਦੀ ਹੈ, ਦਾਣਾ ਕੋਈ ਨਹੀਂ ਹੁੰਦਾ; ਉਹ ਨਿ-ਫਲੇ ਹੁੰਦੇ ਹਨ।

ਭਾਈ ਗੁਰਦਾਸ ਜੀ ਨੇ ਉਪਰਲੇ ਇਸ ਸਲੋਕ ਦੇ ਭਾਵ-ਅਰਥਾਂ ਦਾ ਵਿਸਥਾਰ ਆਪਣੀ ਇਕ ਪਉੜੀ ਵਿਚ ਇਉਂ ਕੀਤਾ ਹੈ:
ਖੇਤੈ ਅੰਦਰਿ ਜੰਮਿ ਕੈ ਸਭ ਦੂੰ ਉਚਾ ਹੋਇ ਵਿਖਾਲੇ॥
ਬੂਟੁ ਵਡਾ ਕਰਿ ਫੈਲਦਾ ਹੋਇ ਚੁਹਚੁਹਾ ਆਪੁ ਸਮਾਲੇ॥
ਖੇਤਿ ਸਫਲ ਹੋਇ ਲਾਵਣੀ ਛੁਟਨਿ ਤਿਲੁ ਬੂਆੜ ਨਿਰਾਲੇ॥
ਨਿਹਫਲ ਸਾਰੇ ਖੇਤ ਵਿਚਿ ਜਿਉ ਸਰਵਾੜ ਕਮਾਦ ਵਿਚਾਲੇ॥
ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੁ ਕਰਨਿ ਬੇਤਾਲੇ॥
ਨਿਹਫਲ ਜਨਮੁ ਅਕਾਰਥਾ ਹਲਤਿ ਪਲਤਿ ਹੋਵਨਿ ਮੁਹ ਕਾਲੇ॥
ਜਮਪੁਰਿ ਜਮ ਜੰਦਾਰਿ ਹਵਾਲੇ ੧੬ -ਭਾਈ ਗੁਰਦਾਸ ਜੀ, ਵਾਰ ੧੭ ਪਉੜੀ ੧੬

ਮਹਲਾ ਪਹਿਲਾ।
ਨਾਨਕ! (ਜੋ ਮਨੁਖ) ਗੁਰੂ ਨੂੰ ਚੇਤੇ ਨਹੀਂ ਕਰਦੇ (ਤੇ) ਆਪਣੇ ਮਨ ਵਿਚ ਚਲਾਕ (ਬਣਦੇ) ਹਨ, (ਉਹ ਇਉਂ ਹਨ) ਜਿਵੇਂ ਛੁਟੇ ਹੋਏ ਬੂਆੜ ਤਿਲ, (ਜੋ) ਖੇਤ ਅੰਦਰ ਸੁੰਨੇ (ਪਏ ਹੁੰਦੇ ਹਨ)
ਖੇਤ ਵਿਚ ਛੁੱਟਿਆਂ ਹੋਇਆਂ (ਉਨ੍ਹਾਂ ਤਿਲਾਂ) ਦੇ, ਨਾਨਕ ਦਾ ਕਥਨ ਹੈ, ਸੈਂਕੜੇ ਖਸਮ (ਹੁੰਦੇ) ਹਨ।(ਉਹ) ਵਿਚਾਰੇ ਫਲਦੇ (ਤੇ) ਫੁਲਦੇ ਹਨ, (ਪਰ ਫਿਰ) ਵੀ (ਉਨ੍ਹਾਂ ਦੇ) ਤਨ ਵਿਚ ਸੁਆਹ (ਹੀ ਹੁੰਦੀ) ਹੈ।

ਉਪਰੋਕਤ ਸਲੋਕ ਵਿਚ ਉਪਮਾ ਅਲੰਕਾਰ ਰਾਹੀਂ ਗੁਰੂ ਵੱਲੋਂ ਪ੍ਰਦਾਨ ਕੀਤੀ ਸਿਖਿਆ ਦੇ ਅਤੁੱਲ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ। ਪਹਿਲੇ ਪਾਤਸ਼ਾਹ ਫਰਮਾਉਂਦੇ ਹਨ ਕਿ ਜੋ ਮਨੁਖ ਗੁਰੂ ਨੂੰ ਯਾਦ ਨਹੀਂ ਕਰਦੇ ਅਤੇ ਗੁਰੂ ਦੀ ਸਿਖਿਆ ਵੱਲ ਧਿਆਨ ਨਾ ਦੇ ਕੇ, ਆਪਣੇ ਆਪ ਨੂੰ ਬਹੁਤ ਜਾਗਰੂਕ ਅਤੇ ਸਿਆਣਾ ਸਮਝਦੇ ਹਨ, ਉਨ੍ਹਾਂ ਦੀ ਦਸ਼ਾ ਸੁੰਞੇ ਖੇਤ ਵਿਚ ਪਏ, ਅੰਦਰੋਂ ਸੜੇ ਹੋਏ ਉਨ੍ਹਾਂ ਤਿਲਾਂ ਦੇ ਬੂਟਿਆਂ ਵਰਗੀ ਹੋ ਜਾਂਦੀ ਹੈ, ਜੋ ਫਲਦੇ-ਫੁਲਦੇ ਤਾਂ ਹਨ, ਪਰ ਉਨ੍ਹਾਂ ਦੀਆਂ ਫਲੀਆਂ ਵਿਚੋਂ ਸੁਆਹ ਹੀ ਨਿਕਲਦੀ ਹੈ। ਇਥੇ ਗੁਰੂ ਦੀ ਸਿਖਿਆ ਤੋਂ ਹੀਣੇ ਮਨੁਖਾਂ ਦੀ ਤੁਲਨਾ ਖਾਲੀ ਖੇਤ ਵਿਚ ਛੁੱਟੇ, ਸੜੇ ਹੋਏ ਤਿਲਾਂ ਦੇ ਬੂਟਿਆਂ ਦੀ ਮਾੜੀ ਹਾਲਤ ਨਾਲ ਕੀਤੀ ਗਈ ਹੈ, ਜਿਨ੍ਹਾਂ ਦੇ ਅਨੇਕ ਖਸਮ ਬਣ ਜਾਂਦੇ ਹਨ।

ਪਹਿਲੀ ਤੁਕ ਵਿਚ ‘ਸੁਚੇਤ’ ਸ਼ਬਦ ਦੀ ਵਰਤੋਂ ਰਾਹੀਂ ਵਿਅੰਗ ਕੀਤਾ ਗਿਆ ਹੈ ਕਿ ਜੋ ਲੋਕ ਗੁਰੂ ਦੀ ਸਿਖਿਆ ਦਾ ਪਾਲਣ ਨਹੀਂ ਕਰਦੇ, ਉਹ ਭਰਮ ਅਧੀਨ ਆਪਣੇ ਆਪ ਨੂੰ ‘ਸੁਚੇਤ’ ਮੰਨ ਲੈਂਦੇ ਹਨ, ਜਦਕਿ ਅਸਲ ਵਿਚ ਉਹ ਐਸੇ ਹੁੰਦੇ ਨਹੀਂ।

‘ਤਿਲ ਬੁਆੜ’ ਅਤੇ ‘ਸੁੰਝੇ ਖੇਤ’ ਸ਼ਬਦਾਂ ਦੀ ਵਰਤੋਂ ਵੀ ਬੜੀ ਸਿਰਜਨਾਤਮਕ ਹੈ। ਗੁਰੂ ਤੋਂ ਬੇਮੁਖ ਹੋਏ ਲੋਕਾਂ ਲਈ ਸੰਸਾਰ ਸੁੰਨੇ ਖੇਤ ਵਾਂਗ ਹੈ ਅਤੇ ਉਹ ਆਪ ਬੁਆੜ ਤਿਲਾਂ ਵਾਂਗ ਨਿਰਾਰਥਕ ਹਨ।

‘ਸਉ ਨਾਹ’ (ਸੌ ਖਸਮ) ਦਾ ਪ੍ਰਯੋਗ ਵੀ ਵਿਸ਼ੇਸ਼ ਹੈ। ਖਾਲੀ ਖੇਤ ਵਿਚ ਛੁੱਟੇ ਹੋਏ ਤਿਲਾਂ ਦੇ ਬੂਟਿਆਂ ਦੇ ਸੈਂਕੜੇ ਖ਼ਸਮ ਬਣ ਜਾਂਦੇ ਹਨ। ਅਰਥਾਤ, ਗੁਰੂ-ਕਿਰਪਾ ਤੋਂ ਰਹਿਤ ਮਨੁਖਾਂ ਨੂੰ ਅਨੇਕ ਨਕਾਰਤਮਕ ਸੰਸਾਰੀ ਸ਼ਕਤੀਆਂ ਆਪਣਾ ਗੁਲਾਮ ਬਣਾ ਲੈਂਦੀਆਂ ਹਨ। ਇਸੇ ਕਰਕੇ, ਇਨ੍ਹਾਂ ਨਿ-ਆਸਰੇ ਪ੍ਰਾਣੀਆਂ ਲਈ ਅਗਲੀ ਤੁਕ ਵਿਚ ਵਰਤਿਆ ਗਿਆ ਸ਼ਬਦ ‘ਬਪੁੜੇ’ (ਵਿਚਾਰੇ) ਵੀ ਬੜਾ ਸਟੀਕ ਹੈ।

ਫਲਣਾ-ਫੁਲਣਾ ਇਕ ਪ੍ਰਸਿੱਧ ਲੋਕ-ਮੁਹਾਵਰਾ ਹੈ। ‘ਫਲੀਅਹਿ ਫੁਲੀਅਹਿ’ ਵਿਚ ਲੋਕੋਕਤੀ ਦੇ ਨਾਲ ਨਾਲ ਸਲੇਸ਼ ਅਲੰਕਾਰ ਵੀ ਹੈ, ਕਿਉਂਕਿ ‘ਫਲੀਅਹਿ ਫੁਲੀਅਹਿ’ ਦੇ ਦੋ ਅਰਥ ਹਨ। ਤਿਲਾਂ ਦੇ ਬੂਟਿਆਂ ਦੇ ਸੰਦਰਭ ਵਿਚ ਇਸ ਦਾ ਅਰਥ ਹੈ, ਫਲ ਅਤੇ ਫੁੱਲ ਲੱਗਣੇ। ਮਨੁਖਾਂ ਦੇ ਸੰਦਰਭ ਵਿਚ ਇਸ ਦਾ ਅਰਥ ਹੈ, ਪਦਾਰਥਕ ਜਾਂ ਸੰਸਾਰਕ ਤੌਰ ‘ਤੇ ਫਲੀਭੂਤ ਹੋਣਾ, ਤਰੱਕੀ ਕਰਨਾ।

ਇਸੇ ਸੰਦਰਭ ਵਿਚ ਅੱਗੇ ਵਰਤਿਆ ਸ਼ਬਦ ‘ਸੁਆਹ’ ਵੀ ਅਤਿਅੰਤ ਸਿਰਜਨਾਤਮਕ ਹੈ। ਗੁਰੂ-ਸਿਖਿਆ ਤੋਂ ਹੀਣੇ ਮਨੁਖ ਭਾਵੇਂ ਕਿੰਨੀ ਵੀ ਆਰਥਕ ਤਰੱਕੀ ਕਰ ਲੈਣ, ਪਰ ਉਨ੍ਹਾਂ ਦੀ ਹਰ ਪ੍ਰਾਪਤੀ ‘ਸੁਆਹ’ ਵਾਂਗ ਤੁੱਛ ਹੀ ਹੁੰਦੀ ਹੈ। ਇਸ ਪ੍ਰਕਾਰ ਸਾਦ੍ਰਿਸ਼ ਵਿਧਾਨ ਅਤੇ ਸੰਕੇਤਾਂ ਦੀ ਸੂਖਮ ਵਰਤੋਂ ਰਾਹੀਂ ਇਥੇ ਗੁਰੂ ਦੀ ਸਿਖਿਆ ਤੋਂ ਰਹਿਤ ਮਨੁਖਾਂ ਦੀ ਨਿ-ਆਸਰੀ ਹਾਲਤ, ਨਕਾਰਾਤਮਕ ਸੰਸਾਰੀ ਸ਼ਕਤੀਆਂ ਅੱਗੇ ਉਨ੍ਹਾਂ ਦੇ ਸਮਰਪਣ ਅਤੇ ਭੌਤਿਕ ਤਰੱਕੀ ਕਰਨ ਦੇ ਬਾਵਜੂਦ ਉਪਲਭਧੀਆਂ ਦੇ ਤੌਰ ’ਤੇ ਹਾਸਲ ਕੀਤੀਆਂ ਤੁੱਛ ਪ੍ਰਾਪਤੀਆਂ ਦਾ ਬੜਾ ਸਟੀਕ ਚਿਤ੍ਰਣ ਹੈ।

ਇਸ ਸਲੋਕ ਦੀਆਂ ਚਾਰੇ ਤੁਕਾਂ ਦਾ ਮਾਤਰਾ ਵਿਧਾਨ ਸ਼ਬਦਾਵਲੀ ਅਤੇ ਉਚਾਰਣ ਅਨੁਸਾਰ ੧੩+੧੧ ਬਣਦਾ ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਹ ਸਲੋਕ ਦੋ ਦੋਹਰੇ ਜੋੜ ਕੇ ਬਣਿਆ ਹੈ।