Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਜੇ ਸਉ ਚੰਦਾ ਉਗਵਹਿ    ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ    ਗੁਰ ਬਿਨੁ ਘੋਰ ਅੰਧਾਰ ॥੨॥

ਮਹਲਾ ੨ ॥

ਜੇ ਸਉ ਚੰਦਾ ਉਗਵਹਿ    ਸੂਰਜ ਚੜਹਿ ਹਜਾਰ ॥

ਏਤੇ ਚਾਨਣ ਹੋਦਿਆਂ    ਗੁਰ ਬਿਨੁ ਘੋਰ ਅੰਧਾਰ ॥੨॥

ਮਹਲਾ ਦੂਜਾ, ਭਾਵ ਗੁਰੂ ਅੰਗਦ ਸਾਹਿਬ, ਦੁਆਰਾ ਉਚਾਰਣ ਕੀਤਾ ਸਲੋਕ।
ਭਾਵੇਂ ਅਕਾਸ਼ ਵਿਚ ਸੈਂਕੜੇ ਚੰਨ ਵੀ ਉਦੈ ਹੋ ਜਾਣ ਤੇ ਹਜ਼ਾਰਾਂ ਸੂਰਜ ਵੀ ਚੜ੍ਹ ਪੈਣ; ਏਨੇ ਬਾਹਰ-ਮੁਖੀ ਚਾਨਣ ਕਰਨ ਵਾਲੇ ਸ੍ਰੋਤਾਂ ਦੇ ਹੁੰਦਿਆਂ ਹੋਇਆਂ ਵੀ, ਗੁਰ-ਉਪਦੇਸ਼ ਕਮਾਏ ਬਿਨਾਂ ਮਨੁਖੀ ਮਨ ਵਿਚ ਅਗਿਆਨਤਾ ਦਾ ਘੁੱਪ ਹਨ੍ਹੇਰਾ ਹੀ ਛਾਇਆ ਰਹਿੰਦਾ ਹੈ।

ਨੋਟ: ਇਸ ਸਲੋਕ ਵਿਚ ਗੁਰੂ ਅੰਗਦ ਸਾਹਿਬ ਜੀ ਨੇ ਮਨੁਖਾ ਜੀਵਨ ਲਈ ਗੁਰੂ ਦੀ ਮਹੱਤਤਾ ਦਰਸਾਈ ਹੈ। ਬੇਅੰਤ ਬਾਹਰਮੁਖੀ ਚਾਨਣ-ਸ੍ਰੋਤ ਹੋਣ ਦੇ ਬਾਵਜੂਦ ਮਨੁਖੀ ਮਨ ਅੰਦਰੋਂ ਅਗਿਆਨ ਦਾ ਹਨ੍ਹੇਰਾ ਖਤਮ ਨਹੀਂ ਹੁੰਦਾ। ਜੀਵਨ ਪਲਟਾ ਗੁਰੂ ਦੇ ਰਾਹੀਂ ਹੀ ਹੁੰਦਾ ਹੈ। ਗੁਰੂ ਹੀ ਆਪਣੀ ਪਾਰਸ-ਛੋਹ ਨਾਲ ਸਧਾਰਣ ਮਨੁਖਾਂ ਤੋਂ ਉਚੇਰੇ ਆਚਰਣ ਵਾਲੇ, ਦੈਵੀ-ਗੁਣ ਸੰਪੰਨ, ਉਤਮ ਮਨੁਖ ਬਣਾ ਸਕਦਾ ਹੈ।

ਮਹਲਾ ਦੂਜਾ।
ਜੇ ਸੈਂਕੜੇ ਚੰਦ ਉਗ ਪੈਣ, ਸੂਰਜ ਚੜ੍ਹ ਜਾਣ ਹਜ਼ਾਰਾਂ। ਏਨੇ ਚਾਨਣ-ਸ੍ਰੋਤ ਹੁੰਦਿਆਂ (ਵੀ), ਗੁਰੂ ਬਿਨਾਂ ਘੁਪ ਹਨ੍ਹੇਰ (ਹੀ ਰਹਿੰਦਾ) ਹੈ।

ਇਸ ਸਲੋਕ ਵਿਚ ਗੁਰੂ ਦੀ ਮਹਿਮਾ ਨੂੰ ਦਰਸਾਉਣ ਲਈ ‘ਵਿਅਤਿਰੇਕ ਅਲੰਕਾਰ’ ਦਾ ਬਹੁਤ ਪ੍ਰਭਾਵਸ਼ਾਲੀ ਪ੍ਰਯੋਗ ਹੋਇਆ ਹੈ। ਪਰੰਪਰਾ ‘ਚ ਪ੍ਰਕਾਸ਼ ਨੂੰ ਗਿਆਨ ਦਾ ਅਤੇ ਹਨ੍ਹੇਰੇ ਨੂੰ ਅਗਿਆਨ ਦਾ ਪ੍ਰਤੀਕ ਮੰਨਿਆ ਗਿਆ ਹੈ। ਸ੍ਰਿਸ਼ਟੀ ‘ਚ ਪ੍ਰਕਾਸ਼ ਦਾ ਮੂਲ ਸ੍ਰੋਤ ਸੂਰਜ ਹੈ ਅਤੇ ਸੂਰਜ ਦੇ ਪ੍ਰਕਾਸ਼ ਨਾਲ ਪ੍ਰਕਾਸ਼ਤ ਹੋਣ ਵਾਲਾ ਚੰਦਰਮਾ ਪ੍ਰਕਾਸ਼ ਦਾ ਗੌਣ ਸ੍ਰੋਤ ਹੈ। ਇਸ ਲਈ ਗਿਆਨ ਅਤੇ ਪ੍ਰਕਾਸ਼ ਨੂੰ ਸੰਕੇਤ ਕਰਨ ਲਈ ਸੂਰਜ ਅਤੇ ਚੰਨ ਨੂੰ ਹਮੇਸ਼ਾ ਤੋਂ ਪ੍ਰਸਿੱਧ ਉਪਮਾਨਾਂ ਦੇ ਤੌਰ ‘ਤੇ ਵਰਤਿਆ ਜਾਂਦਾ ਰਿਹਾ ਹੈ। ਇਸ ਸਲੋਕ ‘ਚ ਗੁਰੂ ਦੁਆਰਾ ਪ੍ਰਦਾਨ ਕੀਤੇ ਗਿਆਨ ਰੂਪੀ ਪ੍ਰਕਾਸ਼ ਦੀ ਤੁਲਨਾ ਵਿਚ ਸੂਰਜ-ਚੰਨ ਵਰਗੇ ਪ੍ਰਸਿੱਧ ਉਪਮਾਨਾਂ ਦਾ ਨੀਵਾਂਪਨ ਦਰਸਾਇਆ ਗਿਆ ਹੈ।

ਇਥੇ ਚੰਨ ਲਈ ‘ਸੌ’ ਅਤੇ ਸੂਰਜ ਲਈ ‘ਹਜ਼ਾਰ’ ਵਰਗੇ ਸੰਖਿਅਕ ਵਿਸ਼ੇਸ਼ਣਾਂ ਦਾ ਪ੍ਰਯੋਗ ਵੀ ਅਤਿਅੰਤ ਸਿਰਜਨਾਤਮਕ ਹੈ, ਕਿਉਂਕਿ ਇਹ ਪ੍ਰਯੋਗ ਇਨ੍ਹਾਂ ਪ੍ਰਮੁਖ ਪ੍ਰਕਾਸ਼ ਸ੍ਰੋਤਾਂ ਅਤੇ ਪ੍ਰਸਿੱਧ ਉਪਮਾਨਾਂ ਦੇ ਛੋਟੇਪਨ ਨੂੰ ਕਈ ਗੁਣਾ ਵਧਾ ਦਿੰਦਾ ਹੈ। ਚੰਨ ਵਰਗੇ ਦੂਜੈਲੇ ਪ੍ਰਕਾਸ਼ ਸ਼੍ਰੋਤ ਨੂੰ ਤਾਂ ਸਿਰਫ਼ ਗੁਰੂ ਤੋਂ ਸੌ ਗੁਣਾ ਛੁਟੇਰਾ ਵਿਖਾਇਆ ਗਿਆ ਹੈ, ਜਦਕਿ ਸੂਰਜ ਵਰਗੇ ਮੂਲ ਪ੍ਰਕਾਸ਼ ਸ੍ਰੋਤ ਨੂੰ ਗੁਰੂ ਤੋਂ ਹਜ਼ਾਰ ਗੁਣਾ ਨੀਵਾਂ ਦਰਸਾਇਆ ਗਿਆ ਹੈ।

ਪਹਿਲੀ ਤੁਕ ਵਿਚ ਚੰਨ ਲਈ ‘ਉਗਵਹਿ’ ਅਤੇ ਸੂਰਜ ਲਈ ‘ਚੜਹਿ’ ਕਿਰਿਆ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਦੋਵਾਂ ਦਾ ਪ੍ਰਯੋਗ ਇਕੋ ਹੀ ਅਰਥ ‘ਉਦੈ ਹੋਣ’ ਲਈ ਹੋਣ ਕਾਰਣ ਇਥੇ ‘ਪੁਨਰੁਕਤ ਵਦਾਭਾਸ’ ਅਲੰਕਾਰ ਹੈ।

ਦੂਜੀ ਤੁਕ ਵਿਚ ‘ਚਾਨਣ’ ਅਤੇ ‘ਘੋਰ ਅੰਧਾਰ’ ਦੀ ਵਰਤੋਂ ਵੀ ਬੜੀ ਸਿਰਜਨਾਤਮਕ ਹੈ। ਇਨ੍ਹਾਂ ਪਰਸਪਰ ਵਿਰੋਧੀ ਭਾਵ ਵਾਲੇ ਸ਼ਬਦਾਂ ਰਾਹੀਂ ਗੁਰੂ ਵਲੋਂ ਪ੍ਰਦਾਨ ਕੀਤੇ ਆਤਮ-ਗਿਆਨ ਰੂਪੀ ਪ੍ਰਕਾਸ਼ ਦੇ ਮਹੱਤਵ ਅਤੇ ਪ੍ਰਚੰਡ ਤੇਜ ਨੂੰ ਹੋਰ ਵੀ ਤੀਬਰਤਾ ਨਾਲ ਸਪਸ਼ਟ ਕੀਤਾ ਗਿਆ ਹੈ।

ਇਹ ਵੀ ਸਪਸ਼ਟ ਹੈ ਕਿ ਸੌ ਚੰਨਾਂ ਅਤੇ ਹਜ਼ਾਰ ਸੂਰਜਾਂ ਦਾ ਇਕੋ ਵੇਲੇ ਮੌਜੂਦ ਹੋਣਾ ਸੰਭਵ ਨਹੀਂ ਹੈ। ਇਸ ਕਰਕੇ ਪਹਿਲੀ ਤੁਕ ‘ਜੇ’ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਮਨੁਖ ਨੂੰ ਅਜਿਹੀ ਅਦੁੱਤੀ ਸਥਿਤੀ ਦਾ ਅਨੁਮਾਨ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ, ਦੂਜੀ ਤੁਕ ਵਿਚ ਐਸੀ ਅਦੁੱਤੀ ਸਥਿਤੀ ਤੋਂ ਉਤਪੰਨ ਹੋਣ ਵਾਲੇ ਅਸਧਾਰਣ ਪ੍ਰਕਾਸ਼ ਨੂੰ ‘ਏਤੇ ਚਾਨਣ’ ਕਹਿ ਕੇ ਪ੍ਰਗਟ ਕੀਤਾ ਗਿਆ ਹੈ।

ਦੂਜੇ ਪਾਸੇ, ‘ਘੋਰ ਅੰਧਾਰ’ ਵਿਚ ਵਰਤਿਆ ਗਿਆ ‘ਘੋਰ’ ਵਿਸ਼ੇਸ਼ਣ, ਹਨ੍ਹੇਰੇ ਦੀ ਗਹਿਰਾਈ ਅਤੇ ਸੰਘਣਤਾ ਨੂੰ ਹੋਰ ਵੀ ਭਿਅੰਕਰ ਰੂਪ ਪ੍ਰਦਾਨ ਕਰ ਰਿਹਾ ਹੈ। ਦੂਜੇ ਪਾਤਸ਼ਾਹ ਦਾ ਆਸ਼ਾ ਹੈ ਕਿ ਗੁਰੂ ਤੋਂ ਬਿਨਾਂ ਅਸਧਾਰਨ ਪ੍ਰਕਾਸ਼ ਵਾਲੀ ਸਥਿਤੀ ਵੀ ਅਨੰਤ ਅੰਧਕਾਰ ਦੇ ਬਰਾਬਰ ਹੈ। ਇਹ ਸਾਰੇ ਸਿਰਜਨਾਤਮਕ ਪ੍ਰਯੋਗ ਗੁਰੂ ਦੇ ਮਹੱਤਵ ਅਤੇ ਮਹਿਮਾ ਨੂੰ ਅਤਿਅੰਤ ਪ੍ਰਬਲਤਾ ਨਾਲ ਉਜਾਗਰ ਕਰਦੇ ਹਨ।

ਇਸ ਸਲੋਕ ਦਾ ਮਾਤਰਾ ਵਿਧਾਨ ੧੨+੧੧ (ਪਹਿਲੀ ਤੁਕ) ਅਤੇ ੧੩+੧੧ (ਦੂਜੀ ਤੁਕ) ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ।