ਜਾਣ-ਪਛਾਣ
ਸਤਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੮ ਅਤੇ ਦੂਜੇ ਦੀਆਂ ੭ ਤੁਕਾਂ ਹਨ। ਇਹ ਦੋਵੇਂ ਸਲੋਕ ਹਉਮੈ ਰੂਪੀ ਦੀਰਘ ਰੋਗ ਨਾਲ ਸਬੰਧਤ ਹਨ। ਹਉਮੈ ਦਾ ਪ੍ਰਭਾਵ ਸਮੁੱਚੇ ਮਨੁਖਾ ਜੀਵਨ ‘ਤੇ ਹੋਣ ਕਾਰਣ ਪਹਿਲੇ ਸਲੋਕ ਵਿਚ ਮਨੁਖ ਨੂੰ ਜਨਮ ਤੋਂ ਮਰਨ ਤਕ ਹਰ ਕੰਮ ਹਉਮੈ ਦੇ ਪ੍ਰਭਾਵ ਅਧੀਨ ਕਰਦਾ ਦਰਸਾਇਆ ਹੈ। ਦੂਜੇ ਸਲੋਕ ਵਿਚ ਦਸਿਆ ਹੈ ਕਿ ਹਉਮੈ ਰੂਪੀ ਇਸ ਦੀਰਘ ਰੋਗ ਦਾ ਸਰੋਤ ਰੱਬੀ ਹੁਕਮ ਹੋਣ ਕਾਰਣ ਇਸ ਦਾ ਇਲਾਜ ਵੀ ਰੱਬੀ ਮਿਹਰ ਨਾਲ ਹੀ ਹੋ ਸਕਦਾ ਹੈ। ਪਉੜੀ ਰਾਹੀਂ ਬਿਆਨ ਕੀਤਾ ਹੈ ਕਿ ਕੇਵਲ ਉਨ੍ਹਾਂ ਸੰਜਮੀ ਤੇ ਸੰਤੋਖੀ ਵਿਅਕਤੀਆਂ ਨੇ ਹੀ ਅਖੁਟ ਬਖਸ਼ਿਸ਼ਾਂ ਦੇ ਭੰਡਾਰ ਵੱਡੇ ਸਾਹਿਬ ਨੂੰ ਪਾਇਆ ਹੈ, ਜਿਨ੍ਹਾਂ ਨੇ ਉਸ ਦੇ ਸੱਚ-ਨਾਮ ਨੂੰ ਧਿਆ ਕੇ ਕੇਵਲ ਸ਼ੁਭ ਕਰਮ ਹੀ ਕੀਤੇ ਹਨ ਅਤੇ ਹਉਮੈ ਆਦਿ ਵਿਕਾਰਾਂ ਵੱਲ ਪੈਰ ਨਹੀਂ ਧਰਿਆ।