ਜਾਣ-ਪਛਾਣ
ਪੰਜਵੀਂ ਪਉੜੀ ਨਾਲ ੨ ਸਲੋਕ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੨੬ ਤੁਕਾਂ ਹਨ। ਪਹਿਲੇ ਸਲੋਕ ਵਿਚ ਕੁਦਰਤ ਵਿਚ ਪੈ ਰਹੀ ਰੱਬੀ-ਰਾਸ ਦਾ ਚਿਤਰਣ ਹੈ। ਦੂਜੇ ਸਲੋਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਰਾਸ ਧਾਰੀਆਂ ਵਲੋਂ ਪਾਈ ਜਾਂਦੀ ਨਾਟਕੀ-ਰਾਸ (ਰਾਸ ਲੀਲਾ) ਦਾ ਵਿਅੰਗਾਤਮਕ ਵਰਣਨ ਹੈ। ਇਸ ਵਿਚ ਦਸਿਆ ਹੈ ਕਿ ਲੋਕਾਈ ਕੁਦਰਤੀ ਰਾਸ ਦੇ ਰਹੱਸ ਨੂੰ ਬੁੱਝ ਕੇ ਮਨੁਖਾ ਜੀਵਨ ਨੂੰ ਸਫਲਾ ਕਰਨ ਦੀ ਬਜਾਏ ਬਣਾਉਟੀ ਰਾਸਾਂ ਦਾ ਅਡੰਬਰ ਰਚ ਕੇ ਖੁਆਰ ਹੋ ਰਹੀ ਹੈ। ਦੂਜੇ ਭਾਗ ਵਿਚ ਪ੍ਰਭੂ ਸੇਵਕਾਂ ਦੀ ਰਸ ਭਿੰਨੀ ਜੀਵਨ-ਰਾਸ ਦਾ ਉਲੇਖ ਹੈ। ਤੀਜੇ ਭਾਗ ਵਿਚ ਰਾਸਧਾਰੀਆਂ ਦੇ ਘੁੰਮਣ-ਘੇਰੀ ਵਾਲੇ ਨਾਚ ਉਪਰ ਵਿਅੰਗ ਕਰਦੇ ਹੋਏ ਉਨ੍ਹਾਂ ਦੀ ਤੁਲਨਾ ਗੋਲ-ਗੋਲ ਘੁੰਮਣ ਵਾਲੇ ਜੰਤਰਾਂ ਅਤੇ ਜੰਤਾਂ ਨਾਲ ਕੀਤੀ ਹੈ। ਪਉੜੀ ਵਿਚ ਦਸਿਆ ਹੈ ਕਿ ਪੂਰਨ ਸਮਰਪਣ ਦੀ ਭਾਵਨਾ ਤਹਿਤ ਇਕ ਮਨ ਹੋਕੇ ਜਪਿਆ ਨਿਰੰਕਾਰੀ ਨਾਮ ਹੀ ਮਨੁਖ ਦੇ ਪਾਰ-ਉਤਾਰੇ ਦਾ ਸਹੀ ਸਾਧਨ ਹੈ।