ਜਾਣ-ਪਛਾਣ
ਚਉਥੀ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੪ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਕਾਇਨਾਤ ਦੇ ਸਮੂਹ ਵਰਤਾਰਿਆਂ ਅਤੇ ਹਸਤੀਆਂ ਨੂੰ ਇਲਾਹੀ-ਹੁਕਮ ਵਿਚ ਵਿਚਰਦੇ ਦਰਸਾਕੇ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਕੇਵਲ ਇਕ ਨਿਰੰਕਾਰ-ਪ੍ਰਭੂ ਹੀ ਭੈ ਤੋਂ ਰਹਿਤ ਹੈ। ਉਸ ‘ਨਿਰਭਉ’ ਦੀ ਸ਼ਰਣ ਵਿਚ ਆ ਕੇ ਹੀ ਦੁਨਿਆਵੀ ਜੀਵ ਉਸ ਦੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਅਤੇ ਹਰ ਕਿਸਮ ਦੇ ਡਰ-ਭਉ ਤੋਂ ਮੁਕਤ ਹੋ ਸਕਦੇ ਹਨ। ਦੂਜੇ ਸਲੋਕ ਵਿਚ ਪੌਰਾਣਕ ਪਾਤਰਾਂ ਦੇ ਨਾਟਕੀ ਰੂਪਾਂਤਰਣ (ਰਾਮਲੀਲਾ, ਰਾਸਲੀਲਾ ਆਦਿ) ਨੂੰ ਮੰਚ ਉਪਰ ਪੇਸ਼ ਕਰਨ ਵਾਲੇ ਕਲਾਕਾਰਾਂ (ਰਾਸਧਾਰੀਆਂ) ਦਾ ਜ਼ਿਕਰ ਕੀਤਾ ਹੈ। ਪਉੜੀ ਵਿਚ ਨਿਰੰਕਾਰ-ਪ੍ਰਭੂ ਦੇ ਗਿਆਨ ਨੂੰ ਹਾਸਲ ਕਰਨ ਦੀ ਜੁਗਤੀ ਦੱਸੀ ਹੈ।