ਜਾਣ-ਪਛਾਣ
ਦੂਜੀ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੨, ਦੂਜੇ ਦੀਆਂ ੯ ਅਤੇ ਤੀਜੇ ਦੀਆਂ ੫ ਤੁਕਾਂ ਹਨ। ਪਹਿਲੇ ਸਲੋਕ ਵਿਚ ਵਰਣਨ ਹੈ ਕਿ ਸਦਾ-ਥਿਰ ਪ੍ਰਭੂ ਦਾ ਰਚਿਆ ਹੋਇਆ ਸਮੁੱਚਾ ਵਰਤਾਰਾ ਅਤੇ ਉਸ ਦਾ ਹਰ ਇਕ ਹਿੱਸਾ ਪ੍ਰਭੂ ਦੇ ਸੱਚ-ਸਰੂਪ ਦਾ ਨਿਰੂਪਣ ਕਰਨ ਵਾਲਾ ਹੈ। ਦੂਜੇ ਸਲੋਕ ਵਿਚ ਵੱਡਿਓਂ ਵੱਡੇ ਦਾਤਾਰ ਪ੍ਰਭੂ ਦੀ ਵੱਡੀ ਵਡਿਆਈ ਦਾ ਚਿੰਤਨ ਕਰਾਇਆ ਹੈ। ਤੀਜੇ ਸਲੋਕ ਵਿਚ ਦਸਿਆ ਹੈ ਕਿ ਇਹ ਜਗਤ ਪ੍ਰਭੂ ਦਾ ਨਿਵਾਸ ਅਸਥਾਨ ਹੈ। ਪ੍ਰਭੂ ਆਪ ਹੀ ਆਪਣੇ ਹੁਕਮ ਅਧੀਨ ਜੀਵਾਂ ਨੂੰ ਚਲਾਉਂਦਾ ਹੈ, ਪਰ ਇਹ ਭੇਦ ਗੁਰੂ ਦੀ ਸਿਖਿਆ ‘ਤੇ ਚੱਲਣ ਵਾਲੇ ਉਹ ਗੁਰਮੁਖ ਜਾਣ ਸਕਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਕਿਰਪਾ ਕਰਕੇ ਗਿਆਨ ਦਾ ਪਰਗਾਸ ਕਰਦਾ ਹੈ। ਪਉੜੀ ਵਿਚ ਦ੍ਰਿੜ ਕਰਾਇਆ ਗਿਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ-ਜੋਖਾ ਸੱਚ ਦੇ ਅਧਾਰ ‘ਤੇ ਹੁੰਦਾ ਹੈ। ਸੱਚ ਦਾ ਧਾਰਨੀ ਹੋ ਕੇ ਹੀ ਮਨੁਖਾ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ।