ਜਾਣ-ਪਛਾਣ
ਅਠਾਰ੍ਹਵੀਂ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬ ਅਤੇ ਦੂਜੇ ਤੇ ਤੀਜੇ ਸਲੋਕ ਦੀਆਂ ੪-੪ ਤੁਕਾਂ ਹਨ। ਇਨ੍ਹਾਂ ਤਿੰਨ੍ਹਾਂ ਹੀ ਸਲੋਕਾਂ ਵਿਚ ਸੂਤਕ ਦੀ ਅਖੌਤੀ ਪ੍ਰੰਪਰਕ ਧਾਰਨਾ ਉਪਰ ਤਾਰਕਿਕ ਵਿਅੰਗ ਕਰਕੇ ਇਸ ਨੂੰ ਨਵੇਂ ਅਰਥਾਂ ਵਿਚ ਪਰਿਭਾਸ਼ਤ ਕੀਤਾ ਹੈ। ਪਹਿਲਾ ਸਲੋਕ ਸੂਤਕ ਦੀ ਵਿਆਪਕਤਾ ਨੂੰ ਦਰਸਾਉਂਦਾ ਹੋਇਆ ਇਸ ਦਾ ਤੋੜ ਗੁਰੂ-ਗਿਆਨ ਨੂੰ ਦਰਸਾਉਂਦਾ ਹੈ। ਦੂਜੇ ਸਲੋਕ ਵਿਚ ਵਖ-ਵਖ ਮੰਦ ਕਰਮਾਂ ਨੂੰ ਸਰੀਰਕ ਇੰਦਰੀਆਂ ਦਾ ਸੂਤਕ ਦੱਸ ਕੇ ਉਨ੍ਹਾਂ ਦੇ ਫਲ ਵਜੋਂ ਹੰਸੁਲੇ ਮਨੁਖ ਨੂੰ ਨਰਕਾਂ ਦਾ ਭਾਗੀਦਾਰ ਬਣਦਾ ਦਰਸਾਇਆ ਹੈ। ਤੀਜਾ ਸਲੋਕ ਐਲਾਨੀਆ ਰੂਪ ਵਿਚ ਸੂਤਕ ਨੂੰ ਨਕਾਰਦਾ ਹੋਇਆ ਪ੍ਰਭੂ-ਹੁਕਮ ਦੀ ਸਰਬ-ਵਿਆਪਕਤਾ ਤੇ ਸਰਬ-ਉਚਤਾ ਨੂੰ ਸਥਾਪਤ ਕਰਦਾ ਹੈ। ਪਉੜੀ ਵੱਡੀਆਂ ਵਡਿਆਈਆਂ ਵਾਲੇ ਸਤਿਗੁਰੂ ਦਾ ਗੁਣਾਨਵਾਦ ਕਰਦੀ ਹੋਈ ਜੀਵ ਨੂੰ ਬੁਰਾਈਆਂ ਤੋਂ ਬਚਣ ਲਈ ਸਤਿਗੁਰੂ ਦੀ ਸ਼ਰਣ ਜਾਣ ਦੀ ਪ੍ਰੇਰਣਾ ਕਰਦੀ ਹੈ।