Connect

2005 Stokes Isle Apt. 896, Vacaville 10010, USA

[email protected]

ਜਾਣ-ਪਛਾਣ

ਪੰਦਰ੍ਹਵੀਂ ਪਉੜੀ ਨਾਲ ੪ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੭, ਦੂਜੇ ਦੀਆਂ ੬, ਤੀਜੇ ਦੀਆਂ ੨ ਅਤੇ ਚਉਥੇ ਦੀਆਂ ੧੦ ਤੁਕਾਂ ਹਨ। ਇਨ੍ਹਾਂ ਸਲੋਕਾਂ ਵਿਚ ਜਨੇਊ ਦੀ ਰਸਮ ਦੀ ਪਿੱਠਭੂਮੀ ਵਿਚ ਰੂਹਾਨੀ ਉਪਦੇਸ ਹੈ। ਪਹਿਲੇ ਸਲੋਕ ਵਿਚ ਧਾਗੇ ਦੇ ਜਨੇਊ ਦੀ ਛਿਣ-ਭੰਗਰੀ ਹੋਂਦ ਦਾ ਵਰਨਣ ਕਰਕੇ ਦੈਵੀ ਗੁਣਾਂ ਦੇ ਜਨੇਊ ਦਾ ਸੰਕਲਪ ਪੇਸ਼ ਕੀਤਾ ਗਿਆ ਹੈ। ਦੂਜੇ ਸਲੋਕ ਦਾ ਭਾਵ ਹੈ ਕਿ ਅਜਿਹਾ ਜਨੇਊ ਪਾਇਆ ਵਿਅਰਥ ਹੈ ਜਿਸਨੂੰ ਧਾਰਨ ਕਰਕੇ ਵੀ ਮਨੁਖ ਵਿਕਾਰਾਂ ਤੇ ਕੁਕਰਮਾਂ ਨੂੰ ਕਰਨਾ ਜਾਰੀ ਰਖੇ। ਤੀਜਾ ਸਲੋਕ ਦ੍ਰਿੜ੍ਹ ਕਰਾਉਂਦਾ ਹੈ ਕਿ ਪ੍ਰੇਮ ਨਾਲ ਕੀਤੀ ਪ੍ਰਭੂ ਦੀ ਅਰਾਧਨਾ ਹੀ ਪ੍ਰਭੂ-ਦਰ ‘ਤੇ ਪਰਵਾਣ ਹੈ, ਵਿਖਾਵੇ ਦੇ ਧਾਰਮਕ ਚਿੰਨ ਨਹੀਂ। ਚਉਥੇ ਸਲੋਕ ਵਿਚ ਜਨੇਊ ਨੂੰ ਪਹਿਨਾਉਣ ਵਾਲੇ ਬ੍ਰਾਹਮਣ ਦੇ ਨੈਤਿਕ ਪਤਨ ਵਲ ਇਸ਼ਾਰਾ ਕੀਤਾ ਗਿਆ ਹੈ। ਪਉੜੀ ਵਿਚ ਨਿਰਣਾ ਕੀਤਾ ਗਿਆ ਹੈ ਕਿ ਪ੍ਰਭੂ ਕਿਰਪਾ ਨਾਲ ਜਦੋਂ ਕੋਈ ਮਨੁਖ ਪ੍ਰਭੂ ਹੁਕਮ ਨੂੰ ਮੰਨਕੇ ਜੀਵਨ-ਕਾਰ ਕਮਾਉਂਦਾ ਹੈ, ਉਦੋਂ ਹੀ ਪ੍ਰਭੂ ਦੀ ਹਜ਼ੂਰੀ ਵਿਚ ਸਨਮਾਨਿਆ ਜਾਂਦਾ ਹੈ।

ਜਨਮ ਸਾਖੀਆਂ ਅਨੁਸਾਰ ਇਸ ਪਉੜੀ ਨਾਲ ਦਰਜ ਸਲੋਕ ਗੁਰੂ ਨਾਨਕ ਸਾਹਿਬ ਵਲੋਂ ਪੰਡਿਤ ਹਰਦਿਆਲ ਨੂੰ ਸੰਬੋਧਨ ਕਰਦਿਆਂ ਉਸ ਸਮੇਂ ਉਚਾਰੇ ਗਏ, ਜਦੋਂ ਪਿਤਾ ਕਾਲੂ ਜੀ ਨੇ ਗੁਰੂ ਸਾਹਿਬ ਨੂੰ ਜਨੇਊ ਧਾਰਨ ਕਰਨ ਲਈ ਬੁਲਾਇਆ ਸੀ। ਭਾਈ ਮਿਹਰਬਾਨ ਵਾਲੀ ਜਨਮ ਸਾਖੀ ਵਿਚ ਇਹ ਸਾਖੀ ਇਸ ਤਰ੍ਹਾਂ ਹੈ:

ਜਬ ਗੁਰੂ ਬਾਬਾ ਨਾਨਕ ਜੀ ਨਵਾ ਬਰਸਾ ਕਾ ਹੂਆ ਤਬ ਗੁਰੂ ਬਾਬੇ ਨਾਨਕ ਜੀ ਕਾ ਉਣੇਤ (ਉਪਨਯਨ ਅਥਵਾ ਜਨੇਊ ਸੰਸਕਾਰ) ਹੂਆ, ਜਨੇਊ ਲਾਗੇ ਬਾਹਣੇ। ਬ੍ਰਹਮਣ ਚਉਕਾ ਦੇ ਕਰ ਸਿਖਾ ਲਾਗੇ ਦੇਵਣੇ। ਪ੍ਰਾਤ ਸੰਧਿਆ ਮੰਦਿਆ। ਤ੍ਰਿਕਾਲ ਸੰਧਿਆ ਮੰਦਿਆ। ਤਰਪਣ। ਗਾਇਤ੍ਰੀ। ਲਗਾ ਬ੍ਰਹਮਣ ਸਿਖਾਲਣੇ। ਅਰੁ ਸਿਖਾ (ਬੋਦੀ) ਸੂਤ ਧੋਤੀ ਜਨੇਊ ਮਾਲਾ ਕੀ ਸੂਚ (ਸੁੱਚ) ਲਾਗਾ ਸਿਖਾਲਣੇ। ਸਾਸਤ੍ਰ ਬੇਦ ਕੀ ਮਿਰਜਾਦਾ ਲਾਗਾ ਸਿਖਾਲਣੇ। ਖਟ ਕਰਮ (ਪੜ੍ਹਨਾ-ਪੜਾ੍ਉਣਾ, ਯੱਗ ਕਰਨਾ-ਕਰਾਉਣਾ, ਦਾਨ ਦੇਣਾ-ਲੈਣਾ, ਇਹ ਛੇ ਕਰਮ ਹਨ) ਲਾਗਾ ਬਤਾਵਣੇ। ਸਾਲਗਿਰਾਮ ਕੀ ਸੇਵਾ ਲਾਗਾ ਸਿਖਾਲਣੇ। ਜਿਤਨਾ ਬੇਦ ਕਹਤਾ ਥਾ ਹਿੰਦੂ ਧਰਮੁ ਸਭ ਪ੍ਰਕਿਰਤਿ ਲਾਗਾ ਸਿਖਾਵਣੇ। ਤਬ ਪੰਡਿਤ ਚਉਕਾ ਦੇ ਕਰਿ ਗੁਰੂ ਬਾਬਾ ਨਾਨਕ ਜੀ ਨਵਾਇ ਕਰਿ ਆਣਿ ਚਉਕੇ ਊਪਰਿ ਬੈਠਾਇਆ, ਜਨੇਊ ਲਾਗਾ ਪਾਵਣੇ। ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜੇ, “ਏ ਪੰਡਿਤ! ਤੂ ਜਿ ਜਨੇਊ ਬਾਹਤਾ ਹੈ ਸਿ ਏਸੁ ਜਨੇਊ ਬਾਹਣੇ ਕਾ ਕਵਣੁ ਧਰਮੁ ਹੈ?” ਤਬ ਬ੍ਰਹਮਣਿ ਕਹਿਆ ਜਿ, “ਏ ਨਾਨਕ! ਏਸ ਜਨੇਊ ਪਾਵਣ ਕਾ ਏਹੁ ਬੀਚਾਰ ਹੈ। ਏੲੁ ਅਰਥਿ ਪਉਦਾ ਹੈ ਜਿ ਖਤ੍ਰੀ ਬ੍ਰਹਮਣ ਕਉ ਨੇਮ ਹੋਤਾ ਹੈ ਜਿ ਬਿਨਾ ਚਉਕੇ ਤੇ, ਭਿਟਾ ਅੰਨੁ ਜੇਵਣਾ ਨਾਹੀ। ਖਤ੍ਰੀ ਬ੍ਰਹਮਣ ਕਉ ਜਨੇਉ ਕੀ ਸਰਮ ਹੋਤੀ ਹੈ। ਜਿ ਕੁਚੀਲ ਬਸਤੁ ਕੈ ਨੇੜੇ ਨਾ ਜਾਣੋ, ਜਣੇਊ ਹੋਦੈ ਕੁਚੀਲੁ ਰਹਣਾ ਨਾਹੀ। ਅਰੁ ਬਿਨਾ ਨਾਤੇ ਤੇ ਚਉਕੈ ਨ ਜਾਣੋ। ਜਬ ਏਸ ਕਂਉ ਜਨੇਊ ਪੜੈ ਤਉ ਖਤ੍ਰੀ ਧਰਮ ਮਹਿ ਆਵੈ। ਗਾਇਤ੍ਰੀ ਤਰਪਨ ਸੰਧਿਆ ਸੇਵਾ ਕਰੈ, ਭਲੀ ਜੁਗਤ ਮਹਿ ਰਹੈ, ਇਸ ਨਿਮਤਿ ਕਾਰਣਿ ਖਤ੍ਰੀ ਬ੍ਰਹਮਣ ਜਨੇਊ ਪੜਤਾ ਹੈ। ਬਿਨਾ ਜਨੇਊ ਕੇ ਖਤ੍ਰੀ ਬ੍ਰਹਮਣ ਕਾ ਧਰਮੁ ਰਹਤਾ ਨਾਹੀ”। ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜਿ, “ਏ ਪਡਿੰਤ! ਖਤ੍ਰੀ ਬ੍ਰਹਮਣ ਕਾ ਧਰਮੁ ਜਨੇਊ ਸਉ ਰਹਤਾ ਹੈ ਕਿ ਕਰਮ ਕਰਿ ਕਰਿ ਧਰਮੁ ਰਹਤਾ ਹੈ”? ਜਬ ਏਹੁ ਬਾਤ ਗੁਰੂ ਬਾਬੇ ਨਾਨਕ ਜੀ ਕਹੀ ਤਬ ਜਿਤਨੇ ਲੋਕ ਇਕਤ੍ਰ ਭਏ ਥੇ ਸਭਿ ਹੈਰਾਨਿ ਭਏ, ਜਿ “ਏ ਪਰਮੇਸੁਰ! ਏਹੁ ਤਉ ਬਾਲਕ ਹੈ, ਪਣੁ ਕੈਸੀ ਬਾਤ ਕਰਤਾ ਹੈ”। ਤਬ ਬ੍ਰਹਮਣਿ ਕਹਿਆ ਜਿ, “ਜੀ ਜਿਤੁ ਕਰਮਿ ਧਰਮਿ ਏਸੁ ਕਾ ਧਰਮੁ ਰਹਤਾ ਹੈ ਖਤ੍ਰੀ ਬ੍ਰਹਮਣ ਕਾ ਸੁ ਬਤਾਈਐ”। ਤਬ ਗੁਰੂ ਬਾਬੇ ਨਾਨਕ ਜੀ ਬਾਨੀ ਬੋਲੀ ਉਪਦੇਸੀ:
ਸਲੋਕ
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥੧॥

ਤਿਸੁ ਕਾ ਪਰਮਾਰਥ:
ਤਬ ਗੁਰੂ ਬਾਬੇ ਨਾਨਕ ਜੀ ਕਹਿਆ ਜਿ, “ਸੁਣਿ ਸੁਆਮੀ ਪੰਡਿਤਾ! ਏਸ ਦਾ ਧਰਮ ਏਤ ਕਪਾਹਿ ਦੈ ਸੂਤਿ ਵਟਿ ਘਤਿਐ ਨਾਹੀ ਰਹਦਾ। ਓਹ ਜਨੇਊ ਏਹੁ ਹੈ ਅੰਦਰਿ ਦਇਆ ਵਸੈ, ਦਇਆ ਦੀ ਕਪਾਹ ਹੋਈ। ਜਾ ਅੰਦਰਿ ਸੰਤੋਖ ਆਇਆ ਤਬ ਉਸੁ ਦਇਆ ਕੀ ਕਪਾਹ ਤੇ ਸੂਤੁ ਹੋਆ। ਸੰਤੋਖੁ ਦੇ ਵਟਿ ਸਾਥ ਜਤ ਦੀ ਗੰਢੀ। ਸਾਥਿ ਏਹੁ ਜਨੇਊ ਹੋਆ। ਜੇ ਤਾਂ ਏਹੁ ਜਨੇਊ ਹੋਇ ਆਵੈ ਤਾ ਪਾਈਐ, ਨਾਤਰ ਕਾਹੇ ਕੰਉ ਸੂਤੁ ਗਵਾਈਐ। ਕਪਾਹ ਦਾ ਸੂਤੁ ਅਗਿ ਵਿਚ ਪੈਆ ਜਲਦਾ ਹੈ”। ਕਹੈ, “ਜੀ, ਤਿਸ ਦਾ ਨਾਉ ਸੈਸਾਰ ਕਹਦਾ ਹੈ ਜਿ ਤਗ ਤੁਟਾ; ਤਾਂ ਪਿਛੁ ਸੁਆਂਮੀ! ਏਹੁ ਜਨੇਊ ਤਾਂ ਹੀ ਘਤੁ ਜਾਂ ਤੁਟੈ ਨਾਹੀ। ਜਾਂ ਕਪਾਹਹੁ ਕਤਿ ਕਰਿ ਸੂਤ ਕੀਚੈ, ਸੂਤੇ ਤੇ ਵਟਿ ਕਰਿ ਤਗੁ ਕੀਚੈ, ਤਗੁ ਤੁਟਿ ਤਾਂ ਨਾਉ ਪਵੈ ਤਗੁ ਤੁਟਾ। ਤਾ ਏਸ ਤਗ ਪਏ ਬਿਨ ਕਿ ਗਇਆ ਹੈ। ਜੇ ਫੇਰਿ ਫੇਰਿ ਬਾਮਣੁ ਵਟੈ ਤੇ ਪਾਏ। ਏਹੁ ਲਿਸੇ ਧਾਗੇ ਦਾ ਤਗੁ ਹੈ ਸੁ ਖੇਵੈ ਖੇਵੈ ਤੁਟਦਾ ਹੈ ਸੁਆਂਮੀ ਜੀ! ਜੇ ਏਸੁ ਧਾਗੇ ਨੋ ਜੋਰੁ ਹੋਵੈ ਤਾ ਕਾਇਦੂ ਤੁਟੈ ਤਗੁ। ਜਿ ਸੂਤ੍ਰਗ ਨੋ ਜੋਰ ਹੈ ਜਿ ਅਸਾਨੋ ਪਰਮੇਸੁਰ ਪੈਨਾਇਆ ਹੈ। ਹੋਰਿ ਤਗ ਭਾਵੈ ਕਿਤਨੇ ਘਤੁ”। ਤਬ ਗੁਰੂ ਬਾਬੇ ਨਾਨਕ ਨੋ ਧਿਙਾਂਣੈ ਹੀ ਜਨੇਊ ਪਾਇਆ ਗਲਿ। ਤਬ ਬ੍ਰਹਮਣਿ ਕਹਿਆ ਜਿ, “ਜੀ ਏਹੁ ਤਾ ਅਸਾ ਜਿ ਵਟਿਆ ਸਿ ਸੈਸਾਰ ਦਾ ਵੇਖਾਲਾ ਹੈ, ਜਿਊਂ ਤੂ ਕਹਦਾ ਹੈ ਤਿਵੈ ਹੈ। ਪਣੁ ਜੀ ਜਿਸ ਤਗ ਨੋ ਜੋਰੁ ਹੈ, ਨਾਹੀ ਤੁਟਦਾ, ਧੁਰਿ ਪਹੁਚਦਾ ਹੈ, ਤੁਟਦਾ ਨਾਹੀ, ਤਿਸੁ ਤਰਾਂ ਦਾ ਪਰਮਾਰਥ ਸੁਣਾਈਐ।” ਤਬ ਗੁਰੂ ਬਾਬੇ ਨਾਨਕ ਜੀ ਬਾਨੀ ਬੋਲੀ:
ਸਲੋਕ
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੪॥੧॥
ਤਿਸੁ ਕਾ ਪਰਮਾਰਥੁ:

ਤਬ ਗੁਰੂ ਬਾਬੇ ਨਾਨਕ ਜੀ ਕਹਿਆ, “ਜਿ ਸੁਣਹੋ ਸੁਆਮੀ ਜੀ! ਜੇ ਤਾ ਮੁਨੁਖੁ ਪਰਮੇਸੁਰ ਕਾ ਨਾਮੁ ਸੁਣੈ ਮੰਨੈ ਸਾਹਿਬ ਕਾ ਨਾਮੁ ਤਬ ਏਸ ਕੀ ਪਤਿ ਪਰਮੇਸੁਰੁ ਰਾਖੈ ਅਰੁ ਪਰਮੇਸੁਰ ਕੀ ਸਾਲਾਹ ਭੀ ਕਰੈ ਅਰੁ ਸਚਿ ਕੈ ਘਰਿ ਮਹਿ ਰਹੈ। ਸਚਿ ਕੈ ਸੂਤਿ ਜਨੇਊ ਕਰਿ ਪਹਿਰੈ ਤਿਸੁ ਜਨੇਊ ਕਉ ਸਚ ਕਾ ਜੋਰੁ ਹੋਵੈ। ਉਸੁ ਤਾਗੇ ਕਾ ਤਗੁ ਤੁਟੈ ਨਾਹੀ, ਅਸਥਿਰੁ ਰਹੈ ਈਹਾਂ ਊਹਾਂ, ਸੁਆਮੀ ਜੀ! ਏਸੁ ਜਨੇਊ ਕਾ ਪਰਮਾਰਥੁ ਏਹੁ ਹੈ”। ਤਬੁ ਉਨਿ ਪੰਡਿਤ ਅਰੁ ਸਭਨਹੁ ਨਮਸਕਾਰੁ ਕੀਆ ਜਿ, “ਵਾਹੁ ਨਾਨਕੁ! ਧੰਨੁ ਨਾਨਕੁ! ਸਤਿ ਨਾਨਕੁ”।